ਪੰਜਾਬੀ ਕਵੀ ਤੇ ਚਿੱਤਰਕਾਰ ਦੇਵ ਦੇ ਦੇਹਾਂਤ ਨਾਲ ਲੁਧਿਆਣਾ ਵਿੱਚ ਸੋਗ ਦੀ ਲਹਿਰ
ਚਿੱਤਰਕਾਰੀ ਤੇ ਕਾਵਿ ਸਿਰਜਣ ਵਿੱਚ ਦੇਵ ਦੀ ਅੰਤਰ ਰਾਸ਼ਟਰੀ ਪਛਾਣ ਸੀਃ ਪ੍ਹੋ. ਗੁਰਭਜਨ ਸਿੰਘ ਗਿੱਲ
ਲੁਧਿਆਣਾ, 7 ਦਸੰਬਰ, 2025: ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਪੰਜਾਬੀ ਕਵੀ ਤੇ ਲੰਮੇ ਸਮੇਂ ਤੋਂ ਸਵਿਟਜ਼ਰਲੈਂਡ ਵੱਸਦੇ ਲੇਖਕ ਦੇਵ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਸੋਗ ਦੀ ਲਹਿਰ ਪਸਰ ਗਈ ਹੈ। ਦੇਵ ਮੁੱਢਲੇ ਸਫ਼ਰ ਵਿੱਚ ਲਗਪਗ ਪੰਦਰਾਂ ਸਾਲ ਲੁਧਿਆਣਾ ਵਿੱਚ ਕਰਮਸ਼ੀਲ ਰਿਹਾ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਦੇਵ ਨੂੰ ਚੇਤੇ ਕਰਦਿਆਂ ਪ੍ਹੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ 1971 ਵਿੱਚ ਪਹਿਲੀ ਵਾਰ ਦੇਵ ਨੂੰ ਸੁਰਿੰਦਰ ਹੇਮ ਜਯੋਤੀ ਦੇ ਦਫ਼ਤਰ ਵਿੱਚ ਮਿਲਣ ਦਾ ਮੌਕਾ ਮਿਲਿਆ। ਘੁਮਾਰ ਮੰਡੀ ਖੇਤਰ ਵਿੱਚ ਰਿਹਾਇਸ਼ ਹੋਣ ਕਾਰਨ ਦੇਵ ਨਾਲ ਲੁਧਿਆਣਾ ਤੇ ਬਾਹਰੋਂ ਆਉਂਦੇ ਲੇਖਕਾਂ ਨਾਲ ਚੰਗਾ ਮੇਲ ਜੋਲ ਸੀ। ਉਸ ਦੀ ਪਹਿਲੀ ਕਾਵਿ ਪੁਸਤਕ “ ਵਿਦਰੋਹ” ਵੀ ਲੁਧਿਆਣਾ ਰਹਿੰਦਿਆਂ ਸਿਰਜਣਾ ਪ੍ਰੈੱਸ ਵੱਲੋਂ ਬਲਦੇਵ ਸਿੰਘ ਬੱਲ ਨੇ ਪ੍ਰਕਾਸ਼ਿਤ ਕੀਤੀ। ਦੇਵ ਦੀ ਲੁਧਿਆਣਾ ਨੂੰ ਸਭ ਤੋਂ ਵੱਡੀ ਦੇਣ ਉਹ ਵਿਸ਼ਾਲ ਕੰਧ ਚਿੱਤਰ ਹੈ ਜੋ ਉਨ੍ਹਾਂ ਨੇ ਡਾ. ਮ ਸ ਰੰਧਾਵਾ ਦੀ ਪ੍ਰੇਰਨਾ ਤੇ ਪੰਜਾਬ ਖੇਤੀ ਯੂਨੀਵਰਸਿਟੀ ਸਥਿਤ ਪੇਂਡੂ ਵਸਤਾਂ ਦੇ ਅਜਾਇਬਘਰ ਵਿੱਚ ਤਿਆਰ ਕੀਤਾ। ਦੇਵ ਦੇ ਕਮਰੇ ਵਿੱਚ ਹੀ ਸਾਡੀ 1972 ਵਿੱਚ ਸੁਰਜੀਤ ਪਾਤਰ ਜੀ ਨਾਲ ਪਾਰਕਰ ਹਾਉਸ, ਪੀ ਏ ਯੂ ਵਿੱਚ ਮੁਲਾਕਾਤ ਹੋਈ।
ਪ੍ਹੋ. ਗਿੱਲ ਨੇ ਦੱਸਿਆ ਕਿ ਦੇਵ ਦਾ ਜਨਮ 5 ਸਤੰਬਰ 1947 ਨੂੰ ਹੋਇਆ। ਉਸ ਦਾ ਜੱਦੀ ਪਿੰਡ ਜਗਰਾਉਂ ਨੇੜੇ ਗ਼ਾਲਿਬ ਕਲਾਂ ਸੀ। ਦੇਵ ਨੂੰ ਭਾਰਤੀ ਸਾਹਿਤ ਅਕਾਦਮੀ ਇਨਾਮ 2001 ਵਿੱਚ ਮਿਲਿਆ।
ਦੇਵ ਦੀਆਂ ਕਾਵਿ ਰਚਨਾਵਾਂ ਵਿੱਚ
ਵਿਦਰੋਹ,ਦੂਸਰੇ ਕਿਨਾਰੇ ਦੀ ਤਲਾਸ਼,
ਮਤਾਬੀ ਮਿੱਟੀ,ਪ੍ਰਸ਼ਨ ਤੇ ਪਰਵਾਜ਼,
ਸ਼ਬਦਾਂਤ ਹੁਣ ਤੋਂ ਪਹਿਲਾਂ, ਉੱਤਰਾਇਣ ਤੇ ਤਿਕੋਨਾ ਸਫ਼ਰ ਹਨ।
5 ਸਾਲ ਦੀ ਉਮਰ ਵਿੱਚ ਦੇਵ ਆਪਣੇ ਪਿਤਾ ਜੀ ਕੋਲ ਨੈਰੋਬੀ (ਕੀਨੀਆ) ਰਹਿਣ ਲਈ ਚਲਾ ਗਿਆ ,ਜਿੱਥੇਉਹ ਬ੍ਰਿਟਿਸ਼ ਰੇਲਵੇ ਲਈ ਕੰਮ ਕਰਦੇ ਸਨ।
ਉਹ 1964 ਵਿਚ ਭਾਰਤ ਪਰਤਿਆ ਤੇ ਜਗਰਾਉਂ ਰਹਿ ਕੇ ਕਵਿਤਾ ਲਿਖਣ ਲੱਗ ਪਿਆ।
1979 ਵਿਚ ਉਹ ਸਵਿਟਜ਼ਰਲੈਂਡ ਚਲਾ ਗਿਆ ਕਿਉਂਕਿ ਉਹ ਸਵਿਸ ਕਲਾਕਾਰ ਪੌਲ ਕਲੀ ਤੋਂ ਬਹੁਤ ਪ੍ਰਭਾਵਿਤ ਸੀ। ਉਦੋਂ ਤੋਂ ਉਹ ਯੂਰਪ ਦੇ ਅੰਦਰ ਅਤੇ ਬਾਹਰ ਕਈ ਸ਼ਹਿਰਾਂ ਜਿਵੇਂ ਬਰਨ, ਬਾਰਸੀਲੋਨਾ ਅਤੇ ਬੁਏਨਸ ਆਇਰਸ ਵਿੱਚ ਰਿਹਾ ਹੈ। ਇਸ ਸਮੇਂ ਉਹ ਰੂਬੀਗਨ, ਬਰਨ ਵਿੱਚ ਰਹਿੰਦਾ ਰਿਹਾ।
ਲੁਧਿਆਣਾ ਵਾਸ ਦੌਰਾਨ ਉਸ ਦੀ ਵਧੇਰੇ ਸੰਗਤ ਹਰਿਭਜਨ ਹਲਵਾਰਵੀ, ਸੁਰਿੰਦਰ ਹੇਮ ਜਯੋਤੀ, ਡਾ. ਸ ਪ ਸਿੰਘ, ਪ੍ਹੋ. ਸ਼ਾਮ ਸਿੰਘ ਅੰਗ ਸੰਗ,ਬਲਦੇਵ ਬੱਲ ਸੰਪਾਦਕ ਯੁੱਗ ਚੇਤਨਾ,ਡਾ. ਸਾਧੂ ਸਿੰਘ ਤੇ ਸੁਰਜੀਤ ਪਾਤਰ ਨਾਲ ਰਹੀ। ਦੇਵ ਦੀ
ਮੌਤ ਅੱਜ ਸਵੇਰੇ ਹੀ ਬਰਨ(ਸਵਿਟਜ਼ਰ ਲੈਂਡ ਚ ਹੋਈ ਹੈ।
City Air News 


