ਵੋਟ ਹੈ, ਤੁਹਾਡਾ ਮੁੱਢਲਾ ਅਧਿਕਾਰ- ਵੋਟ ਜ਼ਰੂਰ ਬਣਵਾਓ ਇਸ ਵਾਰ- ਸਵੀਪ ਟੀਮ ਮਾਲੇਰਕੋਟਲਾ
ਮਾਲੇਰਕੋਟਲਾ, 25 ਅਕਤੂਬਰ, 2023: ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਪੱਲਵੀ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ 105 ਮਾਲੇਰਕੋਟਲਾ ਅਤੇ ਵਿਧਾਨ ਸਭਾ ਹਲਕਾ 106 ਅਮਰਗੜ੍ਹ ਵਿਖੇ ਲੋਕਤੰਤਰੀ ਦੀ ਮਜ਼ਬੂਤ ਲਈ ਵੋਟ ਬਣਾਉਣ ਅਤੇ ਲੋਕਤੰਤਰੀ ਤਿਉਹਾਰ ਮੌਕੇ ਯੋਗ ਨੌਜਵਾਨਾਂ ਦੀ 100% ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਸਵੀਪ ਪ੍ਰੋਗਰਾਮ ਅਧੀਨ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਵੀਪ ਸਹਾਇਕ ਨੋਡਲ ਅਫ਼ਸਰ ਮੁਹੰਮਦ ਬਸ਼ੀਰ ਨੇ ਦੱਸਿਆ ਕਿ 27 ਅਕਤੂਬਰ, 2023 ਤੋਂ 9 ਦਸੰਬਰ, 2023 ਤੱਕ ਵਿਸ਼ੇਸ਼ ਸਰਸਰੀ ਸੁਧਾਈ 2024 ਲਈ ਚੱਲਣ ਵਾਲੀ ਮੁਹਿੰਮ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਗਤੀਵਿਧੀਆਂ ਵੀ 17 ਅਕਤੂਬਰ ਤੋਂ ਸ਼ੁਰੂ ਕਰਕੇ 9 ਦਸੰਬਰ 2023 ਤੱਕ ਚਲਾਈਆਂ ਜਾਣਗੀਆਂ । ਉਨ੍ਹਾਂ ਹੋਰ ਦੱਸਿਆ ਕਿ ਵਿਸ਼ੇਸ਼ ਸਰਸਰੀ ਸੁਧਾਈ -2024 ਵੋਟਰ ਸੂਚੀ ਦੀ ਸੋਧ ਲਈ ਵਿਸ਼ੇਸ਼ ਮੁਹਿੰਮ ਦੇ ਮੱਦੇਨਜ਼ਰ ਨਵੀਂ ਵੋਟ ਬਣਵਾਉਣ, ਵੋਟ ਕਟਵਾਉਣ ਜਾਂ ਸੋਧ ਕਰਵਾਉਣ ਲਈ 4 ਅਤੇ 5 ਨਵੰਬਰ 2023 ਨੂੰ ਹਰੇਕ ਬੂਥ 'ਤੇ ਵਿਸ਼ੇਸ਼ ਕੈਂਪ ਲੱਗਣਗੇ, ਇਸ ਦੌਰਾਨ ਤੁਸੀਂ ਆਪਣੇ ਬੀ.ਐਲ.ਓ ਨਾਲ ਸੰਪਰਕ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਵੋਟ ਹੈ, ਤੁਹਾਡਾ ਮੁੱਢਲਾ ਅਧਿਕਾਰ- ਵੋਟ ਜ਼ਰੂਰ ਬਣਵਾਓ ਇਸ ਵਾਰ ।
ਉਨ੍ਹਾਂ ਕਿਹਾ ਕਿ ਇਸ ਮੌਕੇ ਹਲਕਾ ਵਿਧਾਨ ਸਭਾ ਦੇ ਸਕੂਲਾਂ, ਕਾਲਜਾਂ ਅਤੇ ਹੋਰ ਵਿੱਦਿਅਕ ਅਦਾਰਿਆਂ ਵਿੱਚ ਵਿਦਿਆਰਥੀਆਂ ਦੇ ਚਾਰਟ ਮੇਕਿੰਗ, ਮਹਿੰਦੀ ਲਗਾਉਣ, ਭਾਸ਼ਣ ਮੁਕਾਬਲੇ, ਰੰਗੋਲੀ ਬਣਾਉਣ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਇਸ ਸਬੰਧੀ ਪ੍ਰਦਰਸ਼ਨੀਆਂ ਵੀ ਲਗਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਜ਼ਿਲ੍ਹੇ ਦੇ ਆਈਲੈਟਸ ਕੇਂਦਰਾਂ ਵਿੱਚ ਵੀ ਵਿਸ਼ੇਸ਼ ਜਾਗਰੂਕਤਾ ਅਭਿਆਨ ਆਰੰਭਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਸਰਸਰੀ ਸੁਧਾਈ 2024 ਮੁਹਿੰਮ ਵਿੱਚ ਨਵੀਂ ਵੋਟ ਬਣਾਉਣ, ਵੋਟ ਕਟਵਾਉਣ ਜਾਂ ਸੋਧ ਕਰਵਾਉਣ ਲਈ ਆਪਣੀ ਅਰਜ਼ੀ ਦਾਖ਼ਲ ਕੀਤੀ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਲੋਕਾਂ ਨੂੰ ਵੋਟ ਨੂੰ ਬਣਾਉਣ ਅਤੇ ਉਸ ਦੀ ਸਹੀ ਵਰਤੋਂ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨਾ ਹੈ
ਉਨ੍ਹਾਂ ਕਿਹਾ ਕਿ ਕੇਵਲ ਨੌਜਵਾਨ ਹੀ ਨਹੀਂ, ਬਲਕਿ ਇਹ ਦੇਸ਼ ਦੇ ਹਰੇਕ ਨਾਗਰਿਕ ਦਾ ਫ਼ਰਜ਼ ਬਣਦਾ ਹੈ ਕਿ ਚੋਣ ਪ੍ਰਕਿਰਿਆ 'ਚ ਵੱਧ ਚੜ੍ਹ ਕੇ ਆਪਣੀ ਭਾਗੀਦਾਰੀ ਨਿਭਾਉਣ ਅਤੇ ਹਰੇਕ ਚੋਣ ਵਿੱਚ ਵੋਟ ਜ਼ਰੂਰ ਪਾਉਣ।
City Air News 

