ਵੋਟਰ ਜਾਗਰੂਕਤਾ ਲਈ ਵੱਢੀ ਗਈ ਸਵੀਪ ਰੈਲੀ

ਵੋਟਰ ਜਾਗਰੂਕਤਾ ਲਈ ਵੱਢੀ ਗਈ ਸਵੀਪ ਰੈਲੀ

ਮਾਲੇਰਕੋਟਲਾ, 28 ਅਕਤੂਬਰ, 2023:  

 ਚੋਣ ਅਫ਼ਸਰ ਕਮਿਸ਼ਨ ਪੰਜਾਬ ਦੀਆਂ ਹਦਾਇਤਾ ਅਤੇ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਡਾ ਪੱਲਵੀ ਦੀ ਅਗਵਾਈ ਹੇਠ 01 ਜਨਵਰੀ 2024 ਦੀ ਯੋਗਤਾ ਦੇ ਆਧਾਰ ਤੇ ਫ਼ੋਟੋ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੇ ਪ੍ਰੋਗਰਾਮ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਸਿੱਖਿਆ ਅਫ਼ਸਰ (ਸ.ਸ.)- ਕਮ-ਸਵੀਪ ਨੋਡਲ ਅਫ਼ਸਰ ਦੇ ਦਫ਼ਤਰ ਤੋਂ ਇੱਕ ਸਵੀਪ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਦਾ ਆਯੋਜਨ ਕਰਨ ਦਾ ਮਨੋਰਥ  ਨੌਜਵਾਨਾਂ ਨੂੰ ਆਪਣੀ ਵੋਟ ਬਣਾਉਣ,ਆਮ ਲੋਕਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਅਤੇ ਆਪਣੀ ਵੋਟ ਜਰੂਰ ਬਣਵਾਉਣ ਲਈ ਜਾਗਰੂਕ ਕਰਨਾ ਸੀ ।

 ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜਾਗਰੂਕਤਾ ਰੈਲੀ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕੇ ਦਿੱਲੀ ਗੇਟ ਤੋਂ ਹੁੰਦੇ ਹੋਏ, ਕਾਲੀ ਮਾਤਾ ਮੰਦਿਰ, ਬੱਸ ਸਟੈਂਡ, ਸੱਟਾ ਬਾਜਾਰ, ਸੱਟਾ ਚੌਂਕ ਅਤੇ ਐਲ.ਆਈ.ਸੀ. ਦਫ਼ਤਰ ਆਦਿ ਅੱਗੋਂ ਦੀ ਲੰਘ ਕੇ ਲੋਕਾਂ ਨੂੰ ਵੋਟ ਦੀ ਮਹੱਤਤਾ ਅਤੇ ਵੋਟ ਪਾਉਣ ਲਈ ਪ੍ਰੇਰਿਤ ਕਰਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ  ਲੜਕੇ ਦਿੱਲੀ ਗੇਟ ਮਾਲੇਰਕੋਟਲਾ 'ਚ ਆ ਕੇ ਸਮਾਪਤ ਹੋਈ। 

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਹਾਇਕ ਸਵੀਪ ਨੋਡਲ ਅਫ਼ਸਰ ਮੁਹੰਮਦ ਬਸ਼ੀਰ ਨੇ ਦੱਸਿਆ ਕਿ ਇਸ ਜਾਗਰੂਕਤਾ ਰੈਲੀ 'ਚ ਵੱਡੀ ਗਿਣਤੀ ਵਿੱਚ ਸਕੂਲੀ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਉਨ੍ਹਾਂ ਦੇਸ਼ ਦੇ ਭਵਿੱਖ ਨੂੰ ਸੁਨਿਹਰਾ ਬਣਾਉਣ ਲਈ ਚੰਗੀ ਸਰਕਾਰ ਚੁਣਨ ਲਈ ਵੋਟਰਾਂ ਨੂੰ ਬਿਨਾਂ ਕਿਸੇ ਲਾਲਚ ਜਾਂ ਪੱਖਪਾਤ, ਡਰ ਤੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਕਿਹਾ । ਉਨ੍ਹਾਂ ਕਿਹਾ ਕਿ ਵੋਟ ਬਣਾਉਣਾ ਅਤੇ ਉਸ ਦਾ ਸਹੀ ਇਸਤੇਮਾਲ ਕਰਨਾ ਜਿੱਥੇ ਸਾਡਾ ਸੰਵਿਧਾਨਕ ਹੱਕ ਹੈ ਉੱਥੇ ਹੀ ਸਾਡੀ ਜਿੰਮੇਵਾਰੀ ਵੀ ਹੈ ਕਿਉਂਕਿ ਜੇਕਰ ਅਸੀਂ ਆਪਣੀ ਵੋਟ ਦਾ ਇਸਤੇਮਾਲ ਬਿਨਾਂ ਕਿਸੇ ਲਾਲਚ ਜਾਂ ਡਰ ਤੇ ਭੈਅ ਤੋਂ ਕਰਾਂਗੇ ਤਾਂ ਹੀ ਸਾਡਾ ਦੇਸ਼ ਸਰਪੱਖੀ ਵਿਕਾਸ ਦੀਆਂ ਬੁਲੰਦੀਆਂ 'ਤੇ ਪਹੁੰਚ ਸਕਦਾ ਹੈ।

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਪ) ਮੁਹੰਮਦ ਖ਼ਲੀਲ,ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦਿੱਲੀ ਗੇਟ ਸ੍ਰੀਮਤੀ ਆਰਤੀ ਗੁਪਤਾ,ਮੁਹੰਮਦ ਅਰਸ਼ਦ ਤੋਂ ਇਲਾਵਾ ਵੱਖ ਵੱਖ ਸਕੂਲਾਂ ਦੇ ਵਿਦਿਆਰਥੀ ਮੌਜੂਦ ਸਨ ।