ਮਹਾਰਾਜਾ ਦਲੀਪ ਸਿੰਘ ਯਾਦਗਾਰੀ ਰਾਏਕੋਟ- ਬੱਸੀਆਂ ਕੋਠੀ ਨੂੰ ਸੈਰ ਸਪਾਟਾ ਨਕਸ਼ੇ ਵਿੱਚ ਸ਼ਾਮਿਲ ਕਰਨ ਲਈ ਪ੍ਰੋਃ ਗੁਰਭਜਨ ਸਿੰਘ ਗਿੱਲ ਵੱਲੋਂ  ਪੰਜਾਬ ਸਰਕਾਰ ਨੂੰ ਮਸ਼ਵਰਾ

ਮਹਾਰਾਜਾ ਦਲੀਪ ਸਿੰਘ ਯਾਦਗਾਰੀ ਰਾਏਕੋਟ- ਬੱਸੀਆਂ ਕੋਠੀ ਨੂੰ ਸੈਰ ਸਪਾਟਾ ਨਕਸ਼ੇ ਵਿੱਚ ਸ਼ਾਮਿਲ ਕਰਨ ਲਈ ਪ੍ਰੋਃ ਗੁਰਭਜਨ ਸਿੰਘ ਗਿੱਲ ਵੱਲੋਂ  ਪੰਜਾਬ ਸਰਕਾਰ ਨੂੰ ਮਸ਼ਵਰਾ

ਲੁਧਿਆਣਾ, 16 ਜਨਵਰੀ, 2023: ਬੀਤੀ ਸ਼ਾਮ ਲੁਧਿਆਣਾ ਸਥਿਤ ਇਸ਼ਮੀਤ ਸੰਗੀਤ ਅਕਾਡਮੀ ਦੇ ਸਮਾਗਮ ਵਿੱਚ ਸ਼ਾਮਿਲ ਹੋਣ ਆਈ ਪੰਜਾਬ ਦੀ ਕਿਰਤ, ਰੁਜ਼ਗਾਰ, ਸਭਿਆਚਾਰਕ ਮਾਮਲੇ ਤੇ ਸੈਰ ਸਪਾਟਾ ਵਿਭਾਗ ਦੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੂੰ ਮਸ਼ਵਰਾ ਦਿੰਦਿਆਂ  ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਫੌਂਡੇਸ਼ਨ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਸਿੱਖ ਰਾਜ ਦੇ ਪ੍ਰਭੂ ਸੱਤਾ ਸੰਪੰਨ ਆਖ਼ਰੀ ਮਹਾਰਾਜਾ ਦਲੀਪ ਸਿੰਘ ਵੱਲੋਂ ਜਲਾਵਤਨੀ ਵੇਲੇ ਜਿਸ ਨਹਿਰੀ ਬੱਸੀਆਂ ਕੋਠੀ ਵਿੱਚ ਆਖ਼ਰੀ ਰਾਤ ਕੱਟੀ ਸੀ ਉਥੇ ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ 2014 ਵਿੱਚ ਲਗਪਗ ਛੇ ਕਰੋੜ ਰੁਪਏ ਦੀ ਲਾਗਤ ਨਾਲ ਯਾਦਗਾਰ ਉਸਾਰੀ ਗਈ ਹੈ ਪਰ ਇਸ ਨੂੰ ਅਜੇ ਤੀਕ ਸੈਰ ਸਪਾਟਾ ਕੇਂਦਰ ਵਜੋਂ ਨੋਟੀਫਾਈ ਨਹੀਂ ਕੀਤਾ ਗਿਆ ਜਿਸ ਕਾਰਨ ਆਮ ਲੋਕਾਂ ਇਸ ਬਾਰੇ ਬਹੁਤੀ ਚੇਤਨਾ ਨਹੀਂ ਹੈ। ਬਾਰਾਂ ਏਕੜ ਵਿੱਚ ਬਣੀ ਇਸ ਰਮਣੀਕ ਕੋਠੀ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਨਾਲ ਜਿੱਥੇ ਬਦੇਸ਼ਾਂ ਚ ਵੱਸਦੇ ਪੰਜਾਬੀਆਂ ਤੇ ਪੰਜਾਬ ਵਾਸੀਆਂ ਨੂੰ ਇਤਿਹਾਸ ਦੀਆਂ ਖਿੜਕੀਆਂ ਵਿੱਚੋਂ ਲੰਘਣ ਦਾ ਮੌਕਾ ਮਿਲੇਗਾ ਓਥੇ ਰਾਏਕੋਟ (ਲੁਧਿਆਣਾ) ਵੀ ਸੈਰ ਸਪਾਟਾ ਕੇਂਦਰ ਵਜੋਂ ਕੌਮੀ ਨਕਸ਼ੇ ਤੇ ਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਹਲਕੇ ਦੇ ਵੱਡੇ ਆਗੂ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਯਾਦ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਖੇਤਰੀ ਕੇਂਦਰ(ਪਾਲੀਟੈਕਨਿਕ) ਤੇ ਕਿੱਤਾ ਸਿਖਲਾਈ ਕੇਂਦਰ ਵੀ ਉਸਾਰੀ ਅਧੀਨ ਸੀ ਜਿਸਨੂੰ ਪਿਛਲੀ ਸਰਕਾਰ ਮੌਕੇ ਰੋਕ ਦਿੱਤਾ ਗਿਆ, ਇਸ ਕੇਂਦਰ ਦੀ ਮੁੜ ਉਸਾਰੀ ਕਰਕੇ ਰੁਜ਼ਗਾਰ ਯੋਗ ਕਿੱਤਾ ਅਗਵਾਈ ਦੇਣ ਦੀ ਲੋੜ ਹੈ। ਦਸਮੇਸ਼ ਪਿਤਾ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਦੇ ਵਿਸ਼ਵਾਸ ਪਾਤਰ ਰਾਏਕੋਟ ਦੇ ਨਵਾਬ ਰਾਏ ਕੱਲ੍ਹਾ ਜੀ ਦੀ ਯਾਦ ਵਿੱਚ  ਜੇ ਸਾਲਾਨਾ ਲੋਕ ਵਿਰਾਸਤ ਉਤਸਵ ਇਥੇ ਉਲੀਕਿਆ ਜਾਵੇ ਤਾਂ ਸਾਡੀ ਫਾਉਂਡੇਸ਼ਨ ਪੂਰਨ ਸਹਿਯੋਗ ਦੇਵੇਗੀ। 

ਰਾਏਕੋਟ ਹਲਕੇ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਇਸ ਮੌਕੇ ਕਿਹਾ ਕਿ ਮੰਤਰੀ ਨੂੰ ਉਹ ਚੰਡੀਗੜ੍ਹ ਜਾ ਕੇ ਇਸ ਯਾਦਗਾਰੀ ਕੋਠੀ ਦਾ ਦੌਰਾ ਕਰਨ ਦੀ ਬੇਨਤੀ ਕਰ ਚੁਕੇ ਹਨ ਤਾਂ ਜੋ ਇਸ ਕੇਂਦਰ ਦਾ ਜਾਇਜ਼ਾ ਲੈ ਕੇ ਇਥੇ ਸਭਿਆਚਾਰਕ ਸਰਗਰਮੀਆਂ ਦਾ ਵੀ ਵਾਧਾ ਕੀਤਾ ਜਾ ਸਕੇ। ਹਾਕਮ ਸਿੰਘ ਠੇਕੇਦਾਰ ਨੇ ਮੰਤਰੀ ਨੂੰ ਨੇੜ ਭਵਿੱਖ ਵਿੱਚ ਰਾਏਕੋਟ ਆਉਣ ਦਾ ਸੱਦਾ ਦਿੱਤਾ। 

ਅਨਮੋਲ ਗਗਨ ਮਾਨ ਨੇ ਕਿਹਾ ਕਿ ਉਹ ਰਾਏਕੋਟ ਬੱਸੀਆਂ ਸਥਿਤ ਇਸ ਮਹੀਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਦੇ ਵਿਕਾਸ ਦਾ ਪੂਰਾ ਜਾਇਜ਼ਾ ਲੈਣਗੇ ਅਤੇ ਵਿਭਾਗ ਵੱਲੋਂ ਆਦੇਸ਼ ਜਾਰੀ ਕਰਨਗੇ ਤਾਂ ਜੋ ਇਸ ਸਭਿਆਚਾਰਕ ਮਹੱਤਵ ਵਾਲੀ ਕੋਠੀ ਨੂੰ ਕੌਮੀ ਤੇ ਕੌਮਾਂਤਰੀ ਨਕਸ਼ੇ ਤੇ ਲਿਆਂਦਾ ਜਾ ਸਕੇ।