ਹਥਿਆਰਬੰਦ ਸੈਨਾ ਝੰਡਾ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਸਾਈਕਲ ਰੈਲੀ ਨੂੰ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਧੂਮ-ਧਾਮ ਨਾਲ ਕੀਤਾ ਸੰਗਰੂਰ ਲਈ ਰਵਾਨਾ

ਸੈਨਿਕ ਦੇਸ਼ ਦੀ ਸਭ ਤੋਂ ਵੱਡਾ ਸੁਰਮਾਇਆ, ਇਨ੍ਹਾਂ ਦੀਆਂ ਸੇਵਾਵਾਂ ਤੇ ਕੁਰਬਾਨੀਆਂ ਦਾ ਦੇਸ਼ ਦੀ ਰੱਖਿਆ ਵਿੱਚ ਵੱਡਾ ਯੋਗਦਾਨ- ਡਾ ਪੱਲਵੀ

ਹਥਿਆਰਬੰਦ ਸੈਨਾ ਝੰਡਾ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਸਾਈਕਲ ਰੈਲੀ ਨੂੰ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਧੂਮ-ਧਾਮ ਨਾਲ ਕੀਤਾ ਸੰਗਰੂਰ ਲਈ ਰਵਾਨਾ

ਮਾਲੇਰਕੋਟਲਾ, 1 ਦਸੰਬਰ, 2023: ਹਥਿਆਰਬੰਦ ਸੈਨਾ ਝੰਡਾ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਸਾਈਕਲ ਰੈਲੀ ਅੱਜ ਜ਼ਿਲ੍ਹਾ ਬਰਨਾਲਾ ਤੋਂ ਚੱਲ ਕੇ ਮਾਲੇਰਕੋਟਲਾ ਵਿਖੇ ਪੁੱਜੀ । ਜ਼ਿਲ੍ਹਾ ਪ੍ਰਸਾਸ਼ਨ ਵਲੋਂ ਸਰਕਾਰੀ ਕਾਲਜ ਆਫ ਐਜੂਕੇਸ਼ਨ ਮਾਲੇਰਕੋਟਲਾ ਵਿਖੇ ਸਾਈਕਲ ਰੈਲੀ ਦੇ ਪੁੱਜਣ ਤੇ  ਫੁੱਲਾ ਦੀ ਵਰਖਾ ਕਰਕੇ ਭਰਮਾ ਸਵਾਗਤ ਕੀਤਾ ਗਿਆ ।

ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵਲੋਂ ਹਥਿਆਰਬੰਦ ਸੈਨਾ ਝੰਡਾ ਦਿਵਸ ਨੂੰ ਉਤਸ਼ਾਹਿਤ ਕਰਨ ਲਈ ਚੰਡੀਗੜ੍ਹ ਤੋਂ ਰਵਾਨਾਵਾ ਕੀਤੀ ਗਈ ਸਾਈਕਲ ਰੈਲੀ ਮਾਲੇਰਕੋਟਲਾ ਤੋਂ ਸੰਗਰੂਰ ਲਈ ਰਵਾਨਾ ਕੀਤਾ। ਇਸ ਸਾਈਕਲ ਰੈਲ ਵਿੱਚ ਕਰੀਬ 16 ਵਲੰਟੀਅਰ ਸ਼ਾਮਲ ਸਨ ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 7 ਦਸੰਬਰ ਨੂੰ ਦੇਸ਼ ਭਰ ਵਿਚ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ ਜਾ ਰਿਹਾ ਹੈ। ਪੰਜਾਬ ਵਿਚ ਝੰਡਾ ਦਿਵਸ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਅਤੇ ਵੱਧ-ਚੜ੍ਹ ਕੇ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ 7 ਨਵੰਬਰ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਇਕ ਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਰੈਲੀ ਪੰਜਾਬ ਰਾਜ ਭਵਨ ਚੰਡੀਗੜ੍ਹ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਕਵਰ ਕਰਦੀ ਹੋਈ 7 ਦਸੰਬਰ 2023 ਨੂੰ ਪੰਜਾਬ ਰਾਜ ਭਵਨ ਚੰਡੀਗੜ੍ਹ ਵਿਖੇ ਰਾਜਪਾਲ ਪੰਜਾਬ ਦੀ ਹਾਜ਼ਰੀ ਵਿਚ ਸਮਾਪਤ ਹੋਵੇਗੀ।

ਡਿਪਟੀ ਕਮਿਸ਼ਨਰ ਦੀ ਤਰਫੋਂ ਝੰਡਾ ਦਿਵਸ ਸਬੰਧੀ ਲੋਕ ਹਿੱਤ ਪੈਦਾ ਕਰਨ, ਨਾਗਰਿਕਾਂ ਵਿਚ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਅਤੇ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਝੰਡੇ ਦੇ ਸਬੰਧ ਵਿੱਚ ਵੱਧ ਤੋਂ ਵੱਧ ਵਿੱਤੀ ਸਹਾਇਤਾ ਅਤੇ ਪ੍ਰਚਾਰ ਕਰਨ ਦੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਹਥਿਆਰਬੰਦ ਸੈਨਾ ਝੰਡਾ ਦਿਵਸ ਸਾਨੂੰ ਸਾਰਿਆਂ ਨੂੰ ਆਪਣੇ ਬਹਾਦਰ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਨਮਾਨ ਦੇਣ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਦਾ ਹੈ।

ਇਸ ਮੌਕੇ ਸੇਵਾਮੁਕਤ ਫਲਾਇੰਗ ਆਫੀਸਰ ਕਮਲ ਵਰਮਾਂ ਨੇ ਦੱਸਿਆ ਕਿ 7 ਦਸੰਬਰ ਨੂੰ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ ਜਾਂਦਾ ਹੈ ਅਤੇ ਇਕੱਠੀ ਹੋਈ ਰਾਸ਼ੀ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਅਤੇ ਸੇਵਾਵਾਂ ਲਈ ਵਰਤੀ ਜਾਂਦੀ ਹੈ |  

ਇਸ ਮੌਕੇ ਐਸ.ਡੀ.ਐਮ. ਹਰਬੰਸ ਸਿੰਘ, ਡੀ.ਐਸ.ਪੀ. ਕੁਲਦੀਪ ਸਿੰਘ, ਹਰਜੀਤ ਸਿੰਘ, ਪਵਿੱਤਰ ਸਿੰਘ,ਪ੍ਰਿੰਸੀਪਲ ਸੀਤਾ ਗਰਾਮਰ ਪਬਲਿਕ ਸਕੂਲ ਸ੍ਰੀਮਤੀ ਜਸਵੀਰ ਕੌਰ, ਸ੍ਰੀਮਤੀ ਮੰਜੂ ਤੋਂ ਇਲਾਵਾ ਹੋਰ ਅਧਿਕਾਰੀਆਂ ਮੌਜੂਦ ਸਨ ।