ਸ਼ੇਲਿੰਦਰਜੀਤ ਸਿੰਘ ਰਾਜਨ ਦਾ ਕਾਵਿ ਸੰਗ੍ਰਹਿ 'ਸਾਰੀ ਧਰਤੀ ਮੇਰੀ'  ਪ੍ਹੋ, ਗੁਰਭਜਨ ਸਿੰਘ ਗਿੱਲ ,ਦਰਸ਼ਨ ਬੁੱਟਰ, ਡਾ. ਸ਼ਿੰਦਰਪਾਲ ਸਿੰਘ ਤੇ ਸੁਸ਼ੀਲ ਦੋਸਾਂਝ ਵੱਲੋਂ ਲੋਕ ਅਰਪਿਤ

ਸ਼ੇਲਿੰਦਰਜੀਤ ਸਿੰਘ ਰਾਜਨ ਦਾ ਕਾਵਿ ਸੰਗ੍ਰਹਿ 'ਸਾਰੀ ਧਰਤੀ ਮੇਰੀ'  ਪ੍ਹੋ, ਗੁਰਭਜਨ ਸਿੰਘ ਗਿੱਲ ,ਦਰਸ਼ਨ ਬੁੱਟਰ, ਡਾ. ਸ਼ਿੰਦਰਪਾਲ ਸਿੰਘ ਤੇ ਸੁਸ਼ੀਲ ਦੋਸਾਂਝ ਵੱਲੋਂ ਲੋਕ ਅਰਪਿਤ

ਲੁਧਿਆਣਾ, 3 ਅਗਸਤ, 2026: ਉੱਘੇ ਸ਼ਾਇਰ ਸ਼ੇਲਿੰਦਰਜੀਤ ਸਿੰਘ ਰਾਜਨ (ਬਾਬਾ ਬਕਾਲਾ ਸਾਹਿਬ ਵਾਸੀ )ਦਾ ਨਵਾਂ ਕਾਵਿ ਸੰਗ੍ਰਹਿ 'ਸਾਰੀ ਧਰਤੀ ਮੇਰੀ' ਪੰਜਾਬੀ ਜੁਬਾਨ ਦੇ ਨਾਮਵਰ ਲੇਖਕ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ  ਪ੍ਰੋ: ਗੁਰਭਜਨ ਸਿੰਘ ਗਿੱਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਰਜਿਸਟਰਾਰ ਡਾ.ਸ਼ਿੰਦਰਪਾਲ ਸਿੰਘ ਨੇ ਸਾਥੀਆਂ ਸਮੇਤ ਲੋਕ ਅਰਪਿਤ ਕੀਤਾ। 
ਇਸ ਮੌਕੇ ਬੋਲਦਿਆਂ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸ਼ੇਲਿੰਦਰਜੀਤ ਸਿੰਘ ‘ਰਾਜਨ' ਕੋਲ ਧਰਤੀ ਦੀ ਆਸਾਨ ਜ਼ੁਬਾਨ ਹੋਣ ਕਾਰਣ ਉਸਦੀ ਸ਼ਾਇਰੀ ਵਿੱਚ ਸੰਚਾਰ ਦੀ ਸਮੱਸਿਆ ਬਿਲਕੁਲ ਹੀ ਨਹੀਂ ਹੈ । ਉਸਦੀ ਕਵਿਤਾ ਵਿੱਚ ਧਰਤੀ ਦੇ ਦੁੱਖ ਸੁੱਖ ਦੀ ਅਣਕਹੀ ਵਾਰਤਾ ਹੈ । ਲੰਮ ਸਲੰਮੀ ਰਾਤ ਵਰਗੀ ਜ਼ਿੰਦਗੀ ਵਿੱਚ ਜੁਗਨੂੰਆਂ ਵਾਂਗੂੰ ਜਗਣ ਬੁਝਣ ਦੀ ਪ੍ਰਕਿਰਿਆ ਕਾਰਨ ਆਪਣੀ ਅੱਡਰੀ ਹਸਤੀ ਮੰਨਵਾਉਣ ਦੀ ਸਮਰੱਥਾ ਵੀ ਹੈ । ਉਸਦੀ ਕਵਿਤਾ ਸਾਨੂੰ ਉਂਗਲੀ ਫੜਕੇ ਨਾਲੋ-ਨਾਲ ਤੋਰਦੀ ਹੈ, ਬਾਲ ਨਿਆਣੇ ਵਾਂਗ ਨਿੱਕੀਆਂ-ਨਿੱਕੀਆਂ ਗੱਲਾਂ ਕਰਦੀ, ਹੁੰਗਾਰੇ ਮੰਗਦੀ ਪ੍ਰਤੀਤ ਹੁੰਦੀ ਹੈ । 
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਕਿਹਾ ਕਿ 'ਰਾਜਨ' ਅਕਸਰ ਸਾਹਿਤਕ ਸਮਾਗਮਾਂ ਦੀ ਮਿੱਠੀ ਛਬੀਲ ਲਗਾ ਕੇ ਰੱਖਦਾ ਹੈ । ਹੁਣ ਉਹ ਆਪਣੀ ਮੌਲਿਕ ਕਾਵਿ-ਕਿਰਤਾਂ ਦੀ ਪੁਸਤਕ "ਸਾਰੀ ਧਰਤੀ ਮੇਰੀ" ਨਾਲ ਕਵਿਤਾ ਵਿੱਚ ਨਵੀਆਂ ਸੰਭਾਵਨਾਵਾਂ ਲੈ ਕੇ ਹਾਜ਼ਰ ਹੈ । ਉਸਦੀ ਕਵਿਤਾ ਸਾਨੂੰ ਭਵਿੱਖ-ਮੁਖੀ ਸੰਕਟਾਂ ਪ੍ਰਤੀ ਵੀ ਸੁਚੇਤ ਕਰ ਰਹੀ ਹੈ । ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਦਾ ਕਹਿਣਾ ਸੀ ਕਿ ਪੰਜਾਬੀ ਸਾਹਿਤ ਅਤੇ ਸਿਰਜਣਾ ਦੇ ਖੇਤਰ 'ਚ 'ਰਾਜਨ' ਨਿਰੰਤਰ ਜੁਟੇ ਰਹਿਣ ਵਾਲਾ ਗੱਭਰੂ ਕਾਮਾ ਹੈ । 'ਸਾਰੀ ਧਰਤੀ ਮੇਰੀ' ਪੁਸਤਕ ਪੰਜਾਬੀ ਕਵਿਤਾ ਦੀ ਧਰਤੀ ਨੂੰ ਹੋਰ ਜ਼ਰਖੇਜ਼ ਬਣਾਉਣ ਵਿੱਚ ਇੱਕ ਮੀਲ ਪੱਥਰ ਸਾਬਿਤ ਹੋਵੇਗੀ । ਕੇਂਦਰੀ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਨੇ ਕਿਹਾ ਕਿ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਸਾਹਿਤਕ ਕਿਸ਼ਤੀ ਦੇ ਮਾਂਝੀ ਵਜੋਂ ਉਭਰੇ 'ਰਾਜਨ' ਆਪਣੀ ਲੇਖਣੀ 'ਚ ਵੀ ਆਮ ਲੋਕਾਂ ਵਿੱਚੋਂ ਵਿਸ਼ੇ ਲੈ ਕੇ ਗੱਲ ਕਰਦਾ ਹੈ ਤਾਂ ਲੋਕ ਭਾਵਨਾਵਾਂ ਦੀਆਂ ਅਧੂਰੀਆਂ ਇੱਛਾਵਾਂ ਨੂੰ ਨੇੜਿਉਂ ਫੜ੍ਹਦਾ ਹੈ ।  'ਰਾਜਨ' ਕੋਲ ਬਦਲ ਰਹੇ ਸਮਾਜ ਦੀ ਬਦਲਦੀ ਸਮਾਜਿਕ ਅਤੇ ਆਰਥਿਕ ਅਰਥ-ਵਿਵਸਥਾ ਨੂੰ ਘੋਖਣ, ਪੜਤਾਲਣ ਤੇ ਚਿਤਰਨ ਦੀ ਸਾਹਿਤਕ ਭਾਸ਼ਾ ਹੈ, ਜਿਸਦੀ ਸਹਾਇਤਾ ਨਾਲ ਉਹ ਆਪਣੀ ਗੱਲ ਕਹਿੰਦਾ ਹੈ। 
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਅਤੇ ਹੁਣ ਮੈਗਜ਼ੀਨ ਦੇ ਮੁੱਖ ਸੰਪਾਦਕ ਸੁਸ਼ੀਲ ਦੋਸਾਂਝ ਨੇ ਕਿਹਾ ਕਿ ਰਾਜਨ ਦੀ ਕਹੀ ਗੱਲ 'ਚ ਸਾਰਥਿਕ ਸੁਨੇਹਾ ਹੁੰਦਾ ਹੈ । ਬਹੁਤੇ ਬੁਲਾਰਿਆ ਨੇ ਪੁਸਤਕ 'ਸਾਰੀ ਧਰਤੀ ਮੇਰੀ' ਨੂੰ ਜੀ ਆਇਆਂ ਕਿਹਾ ਕਿ 'ਰਾਜਨ' ਨੂੰ ਇਸ ਸਾਰਥਿਕ ਯਤਨ ਲਈ ਵਧਾਈ ਦਿੱਤੀ । 
ਘਰ ਆਏ ਸਾਰੇ ਲੇਖਕਾਂ ਨੂੰ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਆਪਣੀਆਂ ਲਿਖੀਆਂ ਕਾਵਿ ਪੁਸਤਕਾਂ ਭੇਟ ਕੀਤੀਆਂ। 
ਇਸ ਮੌਕੇ ਡਾ: ਸ਼ਿੰਦਰਪਾਲ ਸਿੰਘ ਬੁਲੰਦ ਸ਼ਾਇਰ ਮਨਜਿੰਦਰ ਧਨੋਆ, ਗੁਰਮੀਤ ਸਿੰਘ ਬਾਜਵਾ ਕਲਾਨੌਰ, ਮਾ: ਮਨਜੀਤ ਸਿੰਘ ਵੱਸੀ, ਸਾਹਿੱਤ ਸਭਾ ਸਮਰਾਲਾ ਦੇ ਪ੍ਰਤੀਨਿਧ  ਯਤਿੰਦਰ ਕੌਰ ਮਾਹਲ, ਡਾ: ਲੇਖ ਰਾਜ ਸੁਜਾਨਪੁਰ, ਬੂਟਾ ਰਾਮ ਅਜ਼ਾਦ, ਜ਼ਿਲ੍ਹਾ ਭਾਸ਼ਾ ਅਫ਼ਸਰ ਹੋਸ਼ਿਆਰਪੁਰ ਡਾ. ਜਸਵੰਤ ਰਾਏ, ਸੁਰਿੰਦਰਜੀਤ ਚੌਹਾਨ ਅਤੇ ਹਰਪਲਿੰਦਰ ਸਿੰਘ ਬੱਬਨ  ਸਮੇਤ ਕਈ ਸਮਰੱਥ ਲੇਖਕ ਹਾਜ਼ਰ ਸਨ।