ਧਰਤੀ ਤੇ ਵੱਸਦਾ ਸਵਰਗ ਹੈ -- ਸਿਆਟਲ ਸ਼ਹਿਰ
ਜਗਰੂਪ ਸਿੰਘ ਜਰਖੜ ਦੀ ਵਿਸ਼ੇਸ਼ ਰਿਪੋਰਟ
ਮੇਰੀ 2026 ਦੀ ਅਮਰੀਕਾ ਫੇਰੀ ਦੌਰਾਨ ਮੈਨੂੰ ਸਿਆਟਲ ਬਾਰੇ ਕੁਝ ਜਾਨਣ ਦਾ ਮੌਕਾ ਮਿਲਿਆ ਉਹ ਇਹ ਕਿ ਅਮਰੀਕਾ ਦੇ ਉੱਤਰ ਦਿਸ਼ਾ ਵੱਲ੍ਹ ਸਥਿਤ ਸਿਆਟਲ ਸ਼ਹਿਰ ਹਰੇਵਾਈ ਅਤੇ ਤਕਨੀਕ, ਵਪਾਰਕ ਪੱਖੋਂ ਦੁਨੀਆ ਦਾ ਇਕ ਅਜੂਬਾ ਹੈ। 45 ਤੋਂ 50 ਲੱਖ ਦੀ ਅਬਾਦੀ ਵਾਲਾ ਸਿਆਟਲ ਸ਼ਹਿਰ ਪਹਾੜਾਂ, ਦਰੱਖਤਾਂ ਅਤੇ ਸਮੁੰਦਰ ਦੇ ਵਿਚ ਘਿਰਿਆ ਹੋਇਆ ਅਮਰੀਕਾ ਦੇ ਵੱਡੇ 15 ਸ਼ਹਿਰਾਂ 'ਚੋਂ ਇੱਕ ਹੈ। ਕੈਨੇਡਾ ਦੇ ਵੈਨਕੂਵਰ ਬਾਰਡਰ ਤੋਂ 100 ਕਿਲੋਮੀਟਰ ਦੂਰੀ 'ਤੇ 217 ਕਿਲੋਮੀਟਰ ਦੇ ਖੇਤਰ ਵਿਚ ਵਸਿਆ ਸਿਆਟਲ ਸ਼ਹਿਰ ਅੱਜ ਤੋਂ ਕਰੀਬ 4 ਹਜ਼ਾਰ ਸਾਲ ਪਹਿਲਾਂ ਅਮਰੀਕਨ ਮੂਲ ਦੇ ਲੋਕਾਂ ਨੇ ਵਸਾਇਆ ਸੀ ਅਤੇ ਫਿਰ ਇਥੇ ਯੂਰਪੀਅਨ ਲੋਕ ਆ ਕੇ ਵਸੇ। ਇਸ ਵੇਲੇ 65 ਪ੍ਰਤੀਸ਼ਤ ਦੇ ਕਰੀਬ ਯੂਰਪੀਅਨ ਲੋਕ ਅਤੇ 14 ਪ੍ਰਤੀਸ਼ਤ ਦੇ ਕਰੀਬ ਏਸ਼ੀਅਨ ਮਹਾਂਦੀਪ ਦੇ ਲੋਕ ਜਦਕਿ 1 ਪ੍ਰਤੀਸ਼ਤ ਦੇ ਕਰੀਬ ਸਿੱਖ ਭਾਈਚਾਰੇ ਦੇ ਲੋਕ ਵੀ ਵਸਦੇ ਹਨ। ਰੱਬ ਨੂੰ ਘੱਟ ਅਤੇ ਕੁਦਰਤ ਦੀ ਸਾਜੀ ਪ੍ਰਕਿਰਤੀ ਨੂੰ ਵੱਧ ਮੰਨਣ ਵਾਲੇ ਲੋਕ ਵਸਦੇ ਹਨ। 2008 ਦੀ ਮਰਦਮੁਸ਼ਾਰੀ ਮੁਤਾਬਕ ਸਭ ਤੋਂ ਵੱਧ ਪੜ੍ਹੇ ਲਿਖੇ ਅਤੇ ਗ੍ਰੈਜੂਏਟ ਸਿਆਟਲ ਵਿਚੋਂ ਬਣੇ ਹਨ । ਯੂਨੀਵਰਸਿਟੀ ਆਫ ਵਾਸ਼ਿੰਗਟਨ ਸਿਆਟਲ ਦੀ ਪਹਿਚਾਣ ਦੁਨੀਆ ਦੀਆਂ ਪਹਿਲੀਆਂ 11 ਯੂਨੀਵਰਸਿਟਿਆਂ 'ਚ ਹੈ। ਅਮਰੀਕਨ ਫੁਟਬਾਲ ਇਥੋਂ ਦੀ ਹਰਮਨ ਪਿਆਰੀ ਖੇਡ ਹੈ। 2015 'ਚ ਸਿਆਟਲ ਨੇ ਅਮਰੀਕਨ ਫੁਟਬਾਲ 'ਚ ਨੈਸ਼ਨਲ ਚੈਂਪੀਅਨ ਬਣ ਕੇ ਇਤਿਹਾਸ ਸਿਰਜਿਆ। ਇਸਤੋਂ ਇਲਾਵਾ ਬੇਸਬਾਲ, ਸਾਕਰ (ਦੁਨੀਆ ਦੀ ਚਰਚਿੱਤ ਫੁਟਬਾਲ ਖੇਡ), ਬਾਸਕਟਬਾਲ ਆਦਿ ਖੇਡਾਂ ਨੂੰ ਲੋਕ ਵਧੇਰੇ ਖੇਡਦੇ ਅਤੇ ਪਸੰਦ ਕਰਦੇ ਹਨ। ਸਾਲ 2026 ਫੀਫਾ ਵਿਸ਼ਵ ਕੱਪ ਫੁੱਟਬਾਲ ਦੇ 6 ਮੁਕਾਬਲੇ ਸਿਆਟਲ ਦੇ ਫੁੱਟਬਾਲ ਸਟੇਡੀਅਮ ਵਿਖੇ ਖੇਡੇ ਗਏ। ਜਿਸ ਨਾਲ ਅੰਤਰਰਾਸ਼ਟਰੀ ਪੱਧਰ ਤੇ ਸਿਆਟਲ ਦੀ ਮਕਬੂਲੀਅਤ ਹੋਰ ਵਧੀ ਹੈ।ਸਿਆਟਲ 'ਚ 78 ਪ੍ਰਤੀਸ਼ਤ ਲੋਕਾਂ ਵੱਲੋਂ ਅੰਗ੍ਰੇਜੀ ਭਾਸ਼ਾ ਬੋਲੀ ਜਾਂਦੀ ਹੈ ਜਦਕਿ 10 ਪ੍ਰਤੀਸ਼ਤ ਦੇ ਕਰੀਬ ਏਸ਼ੀਅਨ ਮਹਾਂਦੀਪ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। 1 ਫੀਸਦੀ ਦੇ ਕਰੀਬ ਲੋਕਾਂ ਵਲੋਂ ਇੱਥੇ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ।
1994 ਵਿੱਚ ਐਮਾਜ਼ੋਨ ਦੀ ਸਥਾਪਨਾ ਵੀ ਸਿਆਟਲ ਵਿੱਚ ਹੀ ਹੋਈ
----------------------------------------------
ਮੌਸਮ 'ਚ ਜ਼ਿਆਦਾਤਰ ਬਰਸਾਤੀ ਅਤੇ ਬੱਦਲਵਾਈ ਬਣੇ ਰਹਿਣ ਕਾਰਨ ਇਹ ਇਕ ਠੰਢੇ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ। ਮਾਈਕਰੋ ਸਾਫਟ ਕੰਪਨੀ ਦਾ ਮਾਲਕ ਅਤੇ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਬਿੱਲ ਗੇਟਸ ਵੀ ਇਸੇ ਸ਼ਹਿਰ ਸਿਆਟਲ ਵਿਚ ਹੀ ਰਹਿੰਦਾ ਹੈ। ਇਸਨੂੰ ਜਹਾਜਾਂ ਦੇ ਸ਼ਹਿਰ ਵਜੋਂ
ਵੀ ਜਾਣਿਆ ਜਾਂਦਾ ਹੈ। ਦੁਨੀਆ ਦੀ ਚਰਚਿਤ ਬੋਇੰਗ ਕੰਪਨੀ ਦੇ ਸਾਰੇ ਜਹਾਜ਼ ਸਿਆਟਲ ਵਿਖੇ ਬਣਦੇ ਹਨ। ਦੁਨੀਆ ਦੀ ਆਨਲਾਈਨ ਰਿਟੇਲਰ ਕੰਪਨੀ 'ਐਮਾਜ਼ਾਨ' ਦੀ ਸਥਾਪਨਾ ਵੀ 1994 ਵਿਚ ਸਿਆਟਲ ਵਿਖੇ ਹੀ ਹੋਈ। ਜਿਸ ਨਾਲ ਆਧੂਨਿਕ ਤਕਨੀਕ ਦਾ ਦੁਨੀਆ ਵਿਚ ਫਲਾਅ ਹੋਇਆ। ਸਾਫਟਵੇਅਰਾਂ ਅਤੇ ਇੰਟਰਨੈੱਟ ਕੰਪਨੀਆਂ ਦੇ ਆਉਣ ਨਾਲ ਸਿਆਟਲ ਦੁਨੀਆ ਦਾ ਇਕ ਵੱਡਾ ਵਪਾਰਕ ਸ਼ਹਿਰ ਬਣ ਗਿਆ। ਜਿਸ ਕਰਕੇ ਇਸਦੀ ਅਬਾਦੀ ਵਿਚ ਦਿਨੋ ਦਿਨ ਵੱਡੇ ਪੱਧਰ 'ਤੇ ਵਾਧਾ ਹੋ ਰਿਹਾ ਹੈ। ਦੁਨੀਆ ਦੇ ਅਗਾਂਹਵਧੂ ਅਤੇ ਤਰੱਕੀ ਪਸੰਦ ਲੋਕ ਸਿਆਟਲ ਵਿਚ ਆ ਕੇ ਵਸ ਰਹੇ ਹਨ।
'ਮਿਊਜ਼ਿਅਮ ਆਫ ਫਲਾਈਟ' ਵੱਡੀ ਖਿੱਚ ਦਾ ਕੇਂਦਰ
----------------------------------------------
ਏਅਰ ਅਤੇ ਪੁਲਾੜ ਦੀ ਪਹਿਚਾਣ ਵਜੋਂ ਮਿਊਜ਼ਿਮ ਆਫ ਫਲਾਈਟ ਸਿਆਟਲ ਵਿਚ ਆੳਣ ਵਾਲੇ ਸੈਲਾਨੀਆਂ ਲਈ ਇਕ ਵੱਡੀ ਖਿੱਚ ਦਾ ਕੇਂਦਰ ਹੈ। ਇਸ ਮਿਊਜ਼ਿਅਮ ਵਿਚ 20ਵੀਂ ਸਦੀ ਦੇ ਮੁੱਢਲੇ ਬਣੇ ਜਹਾਜ਼ਾਂ ਤੋਂ ਲੈ ਕੇ ਹੁਣ ਤੱਕ ਦੇ ਆਧੁਨਿਕ ਤਕਨੀਕ ਵਾਲੇ ਜਹਾਜ਼ਾਂ ਦੇ ਦਿਲ ਖਿੱਚਵੇਂ ਮਾਡਲ ਖੜ੍ਹੇ ਹਨ ।ਜਿਨ੍ਹਾਂ ਨੂੰ ਦੇਖ ਕੇ ਇਹ ਪਤਾ ਲੱਗਦਾ ਹੈ ਕਿ ਤਕਨੀਕ ਕਿਥੋਂ ਚੱਲ ਕੇ ਕਿਥੇ ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਪਹਿਲਾ ਵਿਸ਼ਵ ਯੁੱਧ 1914 ਤੋਂ ਲੈ ਕੇ 1918 ਵਿਚ ਅਤੇ ਦੂਸਰਾ ਵਿਸ਼ਵ ਯੁੱਧ 1942 ਤੋਂ ਲੈ ਕੇ 1946 ਤੱਕ ਵਰਤਿਆ ਗਿਆ ਜੰਗੀ ਸਮਾਨ ਜਹਾਜ਼, ਪਹਿਲਾ ਫਾਈਟਰ ਪਲੇਨ, ਅਤੇ ਹੋਰ ਇਤਿਹਾਸਕ ਵਸਤਾਂ ਦਾ ਨਜ਼ਾਰਾ ਤੇ ਗਿਆਨ ਵਿੱਚ ਵਾਧਾ ਤਾਂ ਦੇਖਿਆਂ ਹੀ ਮਿਲਦਾ ਹੈ। ਬੋਇੰਗ ਕੰਪਨੀ ਇੱਕ ਨਵੇਂ ਜਹਾਜ਼ ਨੂੰ 6 ਦਿਨ ਵਿੱਚ ਤਿਆਰ ਕਰ ਦਿੰਦੀ ਹੈ । ਇਸ ਇਤਿਹਾਸਕ ਸ਼ਹਿਰ ਨੇ ਵੱਡੇ ਉਤਰਾਅ ਚੜ੍ਹਾਅ ਵੀ ਝੱਲੇ ਹਨ। ਪਹਿਲੇ ਵਿਸ਼ਵ ਯੁੱਧ ਮੌਕੇ ਵੱਡੇ ਪੱਧਰ 'ਤੇ ਆਰਥਿਕ ਨੁਕਸਾਨ ਸਿਆਟਲ ਨੇ ਝੱਲਿਆ ਜਿਸਨੂੰ ਗਰੀਬੀ, ਬੇਰੁਜ਼ਗਾਰੀ ਅਤੇ ਹੋਰ ਆਫਤਾਂ ਦਾ ਸਾਹਮਣਾ ਵੀ ਕਰਨਾ ਪਿਆ। 1970 'ਚ ਬੋਇੰਗ ਕੰਪਨੀ ਨੇ ਇਸਨੂੰ ਆਰਥਿਕ ਤੌਰ 'ਤੇ ਮਜਬੂਤ ਕਰਨ ਲਈ ਵਿੱਤੀ ਸਹਾਇਤਾ ਦਿੱਤੀ ।ਜਿਸ ਨਾਲ ਇਹ ਸ਼ਹਿਰ ਮੁੜ ਆਪਣੇ ਪੈਰਾਂ 'ਤੇ ਖੜ੍ਹਾ ਹੋਇਆ। ਇਸੇ ਵਜ੍ਹਾ ਕਰਕੇ ਅੱਜ ਦੀ ਘੜੀ ਸੁੰਦਰਤਾ , ਆਰਥਿਕਤਾ ਅਤੇ ਵਪਾਰ ਪੱਖੋਂ ਦੁਨੀਆ ਦਾ ਅਜੂਬਾ ਬਣ ਗਿਆ ਹੈ।
ਇੱਕ ਅਜੂਬਾ ਹੋਰ ਸਿਆਟਲ ਵਿਚ, ਸਪੇਸ ਨੀਡਲ ਟਾਵਰ
----------------------------------------------
ਦੁਨੀਆ ਦੇ 7 ਅਜੂਬਿਆਂ 'ਚ ਆਪਣੀ ਪਹਿਚਾਣ ਰੱਖਣ ਵਾਲਾ 184 ਮੀਟਰ ਉੱਚਾ ਸਪੇਸ ਨੀਡਲ ਟਾਵਰ ਪੇਰਿਸ ਦੇ ਫਰਾਂਸ ਸ਼ਹਿਰ ਦੇ ਆਈਫਲ ਟਾਵਰ ਦੀ ਤਰ੍ਹਾਂ ਆਪਣੀ ਵੱਖਰੀ ਖਿੱਚ ਦਰਸਾਉਂਦਾ ਹੈ। ਸਟਾਰਬਕਸ ਕੌਫੀ ਦੀ ਵੀ ਸ਼ੁਰੂਆਤ ਸਿਆਟਲ ਤੋਂ ਹੀ ਹੋਈ। ਸਟਾਰਬਕਸ ਕੌਫੀ ਦੀ ਪਹਿਲੀ ਦੁਕਾਨ ਅੱਜ ਵੀ ਡਾਊਨ ਟਾਊਨ ਸਿਆਟਲ ਵਿੱਚ ਮੌਜੂਦ ਹੈ ।ਜਿੱਥੇ ਕੌਫ਼ੀ ਪੀਣ ਲਈ ਅੱਜ ਵੀ ਲੋਕਾਂ ਦੀ ਵੱਡੀ ਭੀੜ ਜੁੜਦੀ ਹੈ । ਸਿਆਟਲ ਸ਼ਹਿਰ ਦਾ ਸਾਰਾ ਢਾਂਚਾ ਉਥੋਂ ਦੇ ਮੇਅਰ ਦੀ ਨਿਗਰਾਨੀ ਹੇਠ ਚਲਦਾ ਹੈ। ਇਥੇ ਦੋ ਪਾਰਟੀ ਰਾਜਨੀਤਿਕ ਸਿਸਟਮ ਡੈਮੋਕਰੇਟਿਕ ਅਤੇ ਰਿਪਬਲਿਕ ਪਾਰਟੀਆਂ ਦਾ ਹੈ। ਵਧੇਰੇ ਰਾਜਨਿਤਿਕ ਦਬਦਬਾ ਡੈਮੋਕਰੇਟਿਕ ਪਾਰਟੀ ਦਾ ਹੈ। 2012 ਦੀਆਂ ਆਮ ਚੋਣਾਂ 'ਚ ਉਸ ਵੇਲੇ ਚੁਣੇ ਰਾਸ਼ਟਰਪਤੀ ਬਰਾਕ ੳਬਾਮਾ ਨੂੰ 80 ਪ੍ਰਤੀਸ਼ਤ ਵੋਟ ਸਿਆਟਲ ਸ਼ਹਿਰ 'ਚੋਂ ਲੋਕਾਂ ਨੇ ਪਾਈ ਸੀ। ਜੋ ਕਿ ਇਕ ਰਾਜਨੀਤਿਕ ਰਿਕਾਰਡ ਹੈ ।1926 ਵਿਚ ਬਰਥਾ ਨਾਈਟ ਲੈਂਡਿਸ ਪਹਿਲੀ ਮਹਿਲਾ ਸੀ ਜਿਸਨੂੰ ਮੇਅਰ ਬਣਨ ਦਾ ਮਾਣ ਹਾਸਲ ਹੋਇਆ ,ਜਦਕਿ ਭਾਰਤ ਦੀ ਪਹਿਲੀ ਮਹਿਲਾ ਪ੍ਰੋਮਿਲਾ ਜੈਪਾਲ ਨੂੰ ਇਥੋਂ ਦੀ ਕਾਂਗਰਸ ਮੈਂਬਰ ਬਣਨ ਦਾ ਮਾਣ ਹਾਸਲ ਹੋਇਆ।
ਸਿਆਟਲ ਵਿਚ ਪੰਜਾਬੀਆਂ ਦੀ ਪਹਿਚਾਣ ਵੱਖਰੀ
----------------------------------------------
ਸਿਆਟਲ ਸ਼ਹਿਰ 'ਚ ਜਿਥੇ ਯੂਰਪੀਅਨ ਲੋਕਾਂ ਦਾ ਪੂਰੀ ਤਰ੍ਹਾਂ ਦਬਦਬਾ ਹੈ ਉਥੇ ਸਿੱਖ ਕੌਮ ਅਤੇ ਪੰਜਾਬੀ ਭਾਈਚਾਰੇ ਨਾਲ ਸਬੰਧਤ ਇੱਕ ਲੱਖ ਤੋਂ ਵੱਧ ਲੋਕ ਸਿਆਟਲ ਵਿੱਚ ਰਹਿੰਦੇ ਹਨ। ਮਾਣ ਵਾਲੀ ਗੱਲ ਹੈ ਕਿ ਗੁਰੂ ਨਾਨਕ ਦੇਵ ਇੰਜੀਨੀਅਰ ਕਾਲਜ ਲੁਧਿਆਣਾ ਦੇ 1980ਵੇਂ ਦਹਾਕੇ ਦੇ ਪਾਸ ਆਉਟ ਵਿਦਿਆਰਥੀ ਵੱਡੀ ਗਿਣਤੀ ਵਿਚ ਬੋਇੰਗ ਕੰਪਨੀ 'ਚ ਉੱਚੀਆਂ ਪੋਸਟਾਂ 'ਤੇ ਨੌਕਰੀ ਕਰਦੇ ਹਨ। ਹਰਸਿਮਰਤ ਸਿੰਘ ਚਾਹਿਲ ਦੀ ਬੋਇੰਗ ਕੰਪਨੀ ਵਿੱਚ ਆਪਣੀ ਵਿਲੱਖਣ ਪਹਿਚਾਣ ਹੈ। ਸਿੱਖਾਂ ਦੀ ਆਮਦ 1900 ਦੇ ਕਰੀਬ ਗੋਰਿਆਂ ਦੀ ਆਰਮੀ ਰਾਹੀਂ ਐਬਸਫੋਰਡ ਤੇ ਵੈਨਕੂਵਰ ਤੋਂ ਸਿਆਟਲ ਵਿਚ ਹੋਈ। 1947 ਭਾਰਤ ਦੀ ਵੰਡ ਤੋਂ ਬਾਅਦ ਕਾਫੀ ਸਿੱਖ ਪਰਿਵਾਰ ਸਿਆਟਲ 'ਚ ਆ ਕੇ ਵਸੇ। ਪਰ 1984 ਦਰਬਾਰ ਸਾਹਿਬ ਹਮਲੇ ਤੋਂ ਬਾਅਦ ਸਿੱਖਾਂ ਦੀ ਅਤੇ ਪੰਜਾਬੀਆਂ ਦੀ ਇੱਥੇ ਆਉਣ ਦੀ ਇਕ ਲਹਿਰ ਬਣ ਗਈ। ਜ਼ਿਆਦਾਤਰ ਪੰਜਾਬੀ ਟਰੱਕਾਂ, ਸਟੋਰਾਂ ਅਤੇ ਗੈਸ ਸਟੇਸ਼ਨਾਂ ਆਦਿ 'ਤੇ ਆਪਣੀਆਂ ਨੌਕਰੀਆਂ ਕਰਦੇ ਹਨ ਅਤੇ ਬਹੁਤ ਥੋੜ੍ਹਿਆਂ ਨੇ ਆਪਣੇ ਨਿੱਜੀ ਵਪਾਰ 'ਚ ਪੈਸਾ ਨਿਵੇਸ਼ ਕੀਤਾ ਹੋਇਆ ਹੈ। ਸਿਆਟਲ ਦੀ 50 ਲੱਖ ਦੀ ਵਸੋਂ ਵਿਚੋਂ 5 ਲੱਖ ਦੇ ਕਰੀਬ ਲੋਕਾਂ ਨੂੰ ਸਿੱਖੀ ਬਾਰੇ ਜਾਣਕਾਰੀ ਤੋਂ ਇਲਾਵਾ ਬਹੁਤ ਸ਼ਰਧਾ ਤੇ ਯਕੀਨ ਹੈ। ਇਥੇ ਬਣੇ ‘ਵਿੰਗ ਲੂਕ ਏਸ਼ੀਅਨ ਮਿਊਜ਼ੀਅਮ’ 'ਚ ਸਿੱਖ ਇਤਿਹਾਸ ਬਾਰੇ ਵਧੀਆ ਜਾਣਕਾਰੀ ਦਿੱਤੀ ਜਾਂਦੀ ਹੈ। ਸਿਆਟਲ 'ਚ ਇੱਕ ਦਰਜਨ ਦੇ ਕਰੀਬ ਗੁਰਦੁਆਰੇ ਹਨ। ਜਦਕਿ ਮੁੱਖ ਗੁਰਦੁਆਰਾ ਸਿੰਘ ਸਭਾ ਗੁਰੂ ਘਰ ਰਿੰਟਨ ਵਿਖੇ ਬਣਿਆ ਹੋਇਆ ਹੈ। ਜਿਥੇ ਹਰ ਐਤਵਾਰ ਅਤੇ ਹੋਰ ਇਤਿਹਾਸਕ ਦਿਨਾਂ ਨੂੰ ਲੋਕ ਵੱਡੀ ਗਿਣਤੀ ਵਿਚ ਨਤਮਸਤਕ ਹੁੰਦੇ ਹਨ। ਇਸਤੋਂ ਇਲਾਵਾ ਪੰਜਾਬੀਆਂ ਵੱਲੋਂ ਖੇਡ ਗਤੀਵਿਧੀਆਂ ਹਰ ਸਾਲ ਵਧੀਆ ਤਰੀਕੇ ਨਾਲ ਚਲਾਈਆਂ ਜਾਂਦੀਆਂ ਹਨ। ਕਬੱਡੀ ਕੱਪ ਅਤੇ ਹੋਰ ਖੇਡਾਂ ਤੋਂ ਇਲਾਵਾ ਪੰਜਾਬੀ ਬੱਚਿਆਂ ਲਈ ਕੋਚਿੰਗ ਕੈਂਪ ਵੀ ਸਿੱਖ ਭਾਈਚਾਰੇ ਵੱਲੋਂ ਲਗਵਾਏ ਜਾਂਦੇ ਹਨ। ਪੰਜਾਬ ਸਪੋਰਟਸ ਸਿਆਟਲ ਕਬੱਡੀ ਕਲੱਬ ਦਾ ਵੀ ਅਮਰੀਕਾ, ਕੈਨੇਡਾ ਦੀ ਕਬੱਡੀ ਵਿਚ ਪੂਰੀ ਤਰ੍ਹਾਂ ਜੇਤੂ ਦਬਦਬਾ ਰਿਹਾ ਹੈ। ਮਨਮੋਹਨ ਗਰੇਵਾਲ ਉਰਫ਼ ਮੋਹਣਾਂ ਜੋਧਾਂ ਅਤੇ ਉਨ੍ਹਾਂ ਦੀ ਪੂਰੀ ਟੀਮ ਆਪਣਾ ਤਨ ਮਨ ਧਨ ਕਬੱਡੀ ਕਲੱਬ ਦੇ ਲੇਖੇ ਲਾਉਂਦੇ ਹਨ , ਸਿਆਟਲ ਵੱਸਦੇ ਗੀਤਕਾਰ ਮਨਜੀਤ ਚਾਹਲ ਕਣਕਵਾਲ ਅਤੇ ਉੱਘੇ ਲੇਖਕ ਕਰਨੈਲ ਕੈਲ ਦੀਆਂ ਲਿਖਤਾਂ ਵੀ ਕਾਬਲੇ ਤਰੀਫ ਹੋਣ ਕਾਰਨ ਪੰਜਾਬੀਆਂ ਦਾ ਮਾਣ ਦੁਨੀਆਂ ਚ ਵਧਾ ਰਹੀਆਂ ਹਨ।ਅਸਲ ਸੱਚ ਇਹ ਹੈ ਕਿ ਜੇਕਰ ਕਿਸੇ ਨੇ ਜਿਉਂਦੇ ਜੀਅ ਧਰਤੀ ਤੇ ਵੱਸਦਾ ਸਵਰਗ ਦੇਖਣਾ ਹੋਵੇ ਤਾਂ ਉਹ ਸਵਿਟਜ਼ਰਲੈਂਡ ਤੋਂ ਬਾਅਦ ਸਿਆਟਲ ਸ਼ਹਿਰ ਵਿੱਚੋਂ ਹੀ ਮਿਲਦਾ ਹੈ। ਗੁਰੂ ਰਹਿਮਤ ਕਰੇ, ਸਿਆਟਲ ਸ਼ਹਿਰ ਹੋਰ ਤਰੱਕੀਆਂ ਕਰੇ, ਪੰਜਾਬੀ ਆਪਣੀ ਵਿਲੱਖਣ ਪਹਿਚਾਣ ਬਣਾਉਣ। ਰੱਬ ਰਾਖਾ !
ਜਗਰੂਪ ਸਿੰਘ ਜਰਖੜ
ਖੇਡ ਲੇਖਕ
City Air News 

