ਗ਼ਜ਼ਲ
▪️ਗੁਰਭਜਨ ਗਿੱਲ
ਬੰਦਿਆਂ ਕੋਲੋਂ ਛਾਵਾਂ ਮੰਗਣ, ਛਾਂਗੇ ਬਿਰਖ ਵਿਚਾਰੇ ਹੋ ਗਏ ।
ਮਾਪੇ ਕੱਲ-ਮੁਕੱਲ੍ਹੇ ਬੈਠੇ, ਕੋਰੇ ਅੱਖ ਦੇ ਤਾਰੇ ਹੋ ਗਏ ।
ਸਿਵਿਆਂ ਅੰਦਰ ਜਾਵੇ ਇਹ ਰਾਹ, ਜ਼ਹਿਰ ਪਸਰਿਆ ਪੌਣਾਂ ਅੰਦਰ,
ਅਗਨੀ ਭੇਟ ਬਨਸਪਤਿ ਹੋਈ, ਸਾਹ ਲੈਣੇ ਵੀ ਭਾਰੇ ਹੋ ਗਏ ।
ਘਰ ਤੋਂ ਤੁਰਿਆ ਮੰਜ਼ਿਲ ਵੱਲ ਨੂੰ, ਰਾਹਾਂ ਵਿੱਚ ਗਵਾਚ ਗਿਆ ਹਾਂ,
ਮੇਰੇ ਮਨ ਦੇ ਖੰਭ ਵੀ ਯਾਰੋ ਡਾਢੇ ਬੇ-ਇਤਬਾਰੇ ਹੋ ਗਏ ।
ਮੋਹ ਮਮਤਾ ਦੇ ਧਾਗੇ ਛੁੱਟੇ, ਟੁੱਟੀ ਡੋਰ ਪਤੰਗੜੀਆਂ ਦੀ,
ਖ਼ੁਸ਼ਬੋਈਆਂ ਦੀ ਜੂਨੀ ਪੈ ਗਏ, ਰੱਬ ਨੂੰ ਯਾਰ ਪਿਆਰੇ ਹੋ ਗਏ ।
ਫੁੱਲਾਂ ਭਰੀ ਕਿਆਰੀ ਛੱਡ ਕੇ, ਅੰਬਰ ਦੇ ਵਿੱਚ ਬਣ ਗਏ ਤਾਰੇ,
ਯਾਰਾਂ ਤੋਂ ਬਿਨ ਧਰਤੀ ਸੁੰਨੀ, ਅੱਥਰੂ ਮਣ ਮਣ ਭਾਰੇ ਹੋ ਗਏ ।
ਨਾ ਰੋਵੋ ਨੀ ਅੱਖੀਓ ਹੁਣ ਤਾਂ, ਗ਼ਮ ਦਾ ਸਾਗਰ ਤਰਣ ਦੁਹੇਲਾ,
ਕਿੱਥੋਂ ਚੁੰਝ ਭਰੇ ਇਹ ਜਿੰਦੜੀ, ਸਾਰੇ ਪਾਣੀ ਖ਼ਾਰੇ ਹੋ ਗਏ ।
ਸੂਰਜ ਚੰਨ ਗਵਾਚੇ ਤਾਰੇ ,ਕੱਠੇ ਕੀਤੇ ਜੁਗਨੂੰ ਇਹ ਮੈਂ,
ਮੇਰੀ ਬੁੱਕਲ ਦੇ ਵਿੱਚ ਵੇਖੋ, ਮੁੜ ਕੇ ਕਿੰਨੇ ਸਾਰੇ ਹੋ ਗਏ ।
City Air News 


