ਪੇਡਾ ਵੱਲੋਂ ਬਾਇਓਗੈਸ ਪਲਾਂਟ ਲਗਾਉਣ ਸਬੰਧੀ ਕੈਂਪ ਆਯੋਜਿਤ

ਜ਼ਿਲ੍ਹਾ ਲੁਧਿਆਣਾ ਦੇ ਪਿੰਡ ਛੰਦੜਾ ਵਿਖੇ ਲਗਾਇਆ ਗਿਆ ਇਹ ਕੈਂਪ

ਪੇਡਾ ਵੱਲੋਂ ਬਾਇਓਗੈਸ ਪਲਾਂਟ ਲਗਾਉਣ ਸਬੰਧੀ ਕੈਂਪ ਆਯੋਜਿਤ

ਲੁਧਿਆਣਾ:  ਬਾਇਓਗੈਸ ਤੋਂ ਮਿਲਣ ਵਾਲੇ ਫਾਇਦੇ ਬਾਰੇ ਜਾਣੂ ਕਰਵਾਉਣ ਦੇ ਉਦੇਸ਼ ਨਾਲ ਅੱਜ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਛੰਦੜਾ ਵਿਖੇ ਪੰਜਾਬ ਐਨਰਜ਼ੀ ਡਿਵੈਲਪਮੈਂਟ ਏਜੰਸੀ (ਪੇਡਾ) ਵੱਲੋਂ ਬਾਇਓਗੈਸ ਪਲਾਂਟ ਲਗਾਉਣ ਸਬੰਧੀ ਕੈਂਪ ਲਗਾਇਆ ਗਿਆ ਤਾਂ ਜੋ ਪਿੰਡਾਂ ਵਿੱਚ ਵੱਧ ਤੋਂ ਵੱਧ ਬਾਇਓਗੈਸ ਪਲਾਂਟ ਲਗਾਏ ਜਾ ਸਕਣ।
ਪੇਡਾ ਦੇ ਜੁਆਇੰਟ ਡਾਇਰੈਕਟਰ ਸ੍ਰੀ ਸੁਰੇਸ਼ ਗੋਇਲ ਵੱਲੋਂ ਕੈਂਪ ਵਿੱਚ ਭਾਗ ਲੈਣ ਵਾਲੇ ਪਿੰਡ ਵਾਸੀਆਂ ਨੂੰ ਬਾਇਓਗੈਸ ਪਲਾਂਟ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਸ੍ਰੀ ਗੋਇਲ ਨੇ ਦੱਸਿਆ ਕਿ ਰਵਾਇਤੀ ਊਰਜ਼ਾ ਦੇ ਸਾਧਨਾਂ ਜਿਵੇਂ ਮਿੱਟੀ ਦਾ ਤੇਲ, ਡੀਜ਼ਲ, ਪੈਟਰੋਲ, ਐਲ.ਪੀ.ਜੀ. ਗੈਸ, ਕੋਇਲਾ, ਲੱਕੜ ਆਦਿ ਦੀ ਬੱਚਤ ਕਰਨੀ ਚਾਹੀਦੀ ਹੈ ਅਤੇ ਗੈਰ-ਰਵਾਇਤੀ ਊਰਜ਼ਾ ਸਾਧਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਰਵਾਇਤੀ ਊਰਜ਼ਾ ਸਾਧਨਾਂ ਨੂੰ ਸਾਡੀ ਆਉਣ ਵਾਲੀ ਪੀੜ੍ਹੀ ਲਈ ਬਚਾ ਕੇ ਰੱਖ ਸਕੀਏ।

ਉਨ੍ਹਾਂ ਇਹ ਵੀ ਦੱਸਿਆ ਕਿ ਰਵਾਇਤੀ ਊਰਜ਼ਾ ਸਾਧਨਾਂ ਦੀ ਵਰਤੋਂ ਘੱਟ ਕਰਨ ਨਾਲ ਅਣ-ਗਿਣਤ ਕੈਂਸਰ-ਦਮੇਂ ਵਰਗੀਆਂ ਬਿਮਾਰੀਆ ਤੋਂ ਬਚਿਆ ਜਾ ਸਕਦਾ ਹੈ ਅਤੇ ਸਾਡਾ ਵਾਤਾਵਰਣ ਵੀ ਸਾਫ-ਸੁਥਰਾ ਰਹਿੰਦਾ ਹੈ।

ਜੁਆਇੰਟ ਡਾਇਰੈਕਟਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੇਡਾ ਵੱਲੋਂ ਆਮ ਘਰਾਂ ਲਈ 1 ਘਣਮੀਟਰ ਤੋਂ 6 ਘਣਮੀਟਰ ਤੱਕ ਸਮਰੱਥਾ ਦੇ ਬਾਇਓਗੈਸ ਪਲਾਂਟ ਲਗਵਾ ਕੇ ਦਿੱਤੇ ਜਾ ਰਹੇ ਹਨ। ਬਾਇਓਗੈਸ ਪਲਾਂਟ ਲਗਾਉਣ 'ਤੇ ਕੁੱਲ ਖਰਚਾ ਉਨ੍ਹਾਂ ਦੀ ਸਮਰੱਥਾ ਅਨੁਸਾਰ 28 ਹਜ਼ਾਰ ਤੋਂ 40 ਹਜ਼ਾਰ ਰੁਪਏ ਤੱਕ ਆਉਂਦਾ ਹੈ ਅਤੇ ਸਰਕਾਰ ਵੱਲੋਂ 1 ਘਣਮੀਟਰ 'ਤੇ 7500 ਅਤੇ 2 ਤੋਂ 6 ਘਣਮੀਟਰ ਤੱਕ 12 ਹਜ਼ਾਰ ਰੁਪਏ ਸਬਸਿਡੀ ਵਜੋਂ ਦਿੱਤੇ ਜਾਂਦੇ ਹਨ। ਉਨ੍ਹਾ ਦੱਸਿਆ ਕਿ ਬਾਇਓਗੈਸ ਪਲਾਂਟ 'ਤੇ ਖਰਚ ਕੀਤਾ ਪੈਸਾ ਡੇਢ ਤੋਂ ਦੋ ਸਾਲਾਂ ਵਿੱਚ ਊਰਜ਼ਾ ਦੀ ਬੱਚਤ ਦੇ ਰੂਪ ਵਿੱਚ ਪੂਰਾ ਹੋ ਜਾਂਦਾ ਹੈ।