ਪੰਜਾਬ ਦੇ ਲੋਕ ਸੱਭਿਆਚਾਰ, ਵੰਨ ਸੁਵੰਨਤਾ ਤੇ ਜਨ ਜੀਵਨ ਨੂੰ ਇਤਿਹਾਸਕ ਵਿਰਾਸਤ ਵਾਂਗ ਸੰਭਾਲਣ ਦੀ ਲੋੜ— ਪ੍ਰੋ. ਗੁਰਭਜਨ ਸਿੰਘ ਗਿੱਲ
ਲੁਧਿਆਣਾ, 9 ਅਗਸਤ, 2026: ਪੰਜਾਬ ਦੇ ਰਾਜ ਸੂਚਨਾ ਕਮਿਸ਼ਨਰ. ਹਰਪ੍ਰੀਤ ਸਿੰਘ ਸੰਧੂ ,ਕੌਮੀ ਪ੍ਰਸਿੱਧੀ ਪ੍ਰਾਪਤ ਫ਼ੋਟੋ ਕਲਾਕਾਰ ਤੇਜ ਪ੍ਰਤਾਪ ਸਿੰਘ ਸੰਧੂ ਤੇ ਪੰਜਾਬ ਰਾਜ ਮੰਡੀਕਰਨ ਬੋਰਡ ਦੇ ਉੱਚ ਅਧਿਕਾਰੀ ਵਜੋਂ ਸੇਵਾ ਮੁਕਤ ਹੋਏ ਹਰਪ੍ਰੀਤ ਸਿੰਘ ਸਿੱਧੂ ਨੇ ਭਾਰਤ ਦੇ ਕੌਮੀ ਪੰਛੀ ਮੋਰ ਦੀ ਤਸਵੀਰ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਭੇਂਟ ਕੀਤੀ।
ਇਸ ਫੋਟੋ ਦੇ ਕਲਾਕਾਰ ਹਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਨ੍ਹਾ ਨੇ ਇਹ ਤਸਵੀਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਬੋਗਨਵਿਲੀਆ ਬਾਗ਼ ਵਿੱਚ ਖਿੱਚੀ ਸੀ। ਇਹ ਤਸਵੀਰ ਹੁਣ ਤੀਕ ਕਈ ਸੂਬਿਆਂ ਦੇ ਗਵਰਨਰ, ਮੁੱਖ ਮੰਤਰੀ ਤੇ ਮੰਤਰੀ ਸਾਹਿਬਾਨ ਦੇ ਘਰਾਂ ਦਫ਼ਤਰਾਂ ਅਤੇ ਸਰਬ ਸਾਂਝੀਆਂ ਥਾਵਾਂ ਤੇ ਸਸ਼ੋਭਿਤ ਹੋ ਚੁੱਕੀ ਹੈ।
ਇਹ ਤਸਵੀਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸੱਟਨ ਹਾਊਸ ਤੋਂ ਇਲਾਵਾ ਕੁਝ ਯੂਨੀਵਰਸਿਟੀਆਂ ਅਤੇ ਸਰਕਾਰੀ ਮਹਿਮਾਨ ਘਰਾਂ ਦਾ ਵੀ ਸ਼ਿੰਗਾਰ ਬਣ ਚੁੱਕੀ ਹੈ। ਭਾਰਤੀ ਸੈਨਾ ਦੀ ਕਸੌਲੀ ਛਾਉਣੀ ਦੇ ਇੱਕ ਪਾਰਕ ਵਿੱਚ ਵੀ ਸੁਭਾਇਮਾਨ ਹੈ।
ਧੰਨਵਾਦ ਕਰਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਦੇ ਲੋਕ ਸੱਭਿਆਚਾਰ, ਬਨਸਪਤੀ ਵੰਨ ਸੁਵੰਨਤਾ ਅਤੇ ਜਨ ਜੀਵਨ ਨੂੰ ਇਤਿਹਾਸਕ ਵਿਰਾਸਤ ਵਾਂਗ ਸੰਭਾਲਣ ਦੀ ਲੋੜ ਹੈ। ਇਹ ਕਾਰਜ ਹਰਪ੍ਰੀਤ ਸਿੰਘ ਸੰਧੂ ਪਿਛਲੇ 25 ਸਾਲ ਤੋਂ ਪ੍ਰਸ਼ਾਸਨਿਕ ਜ਼ੁੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਲਗਾਤਾਰ ਕਰ ਰਹੇ ਹਨ। ਇਹ ਤੋਹਫ਼ਾ ਪ੍ਰਾਪਤ ਕਰਨਾ ਸਾਉਣ ਮਹੀਨੇ ਦਾ ਸਰਵੋਤਮ ਸੰਧਾਰਾ ਹੈ। ਤਸਵੀਰ ਰਾਹੀਂ ਇਸ ਮੋਰ ਨੇ ਸਾਡੇ ਘਰ ਵੀ ਪੈਰ ਪਾਏ ਹਨ ਜਿਸ ਨਾਲ ਰੰਗਾਂ ਦਾ ਖੇੜਾ ਹਰ ਰੋਜ਼ ਸਾਡੇ ਪਰਿਵਾਰ ਦੇ ਮੱਥੇ ਲੱਗਿਆ ਕਰੇਗਾ।
City Air News 

