ਵਿਧਾਇਕ ਵੈਦ ਅਤੇ ਡੀ.ਸੀ. ਵੱਲੋਂ ਪੋਹੀੜ ਵਿਖੇ ਟੀਕਾਕਰਨ ਕੈਂਪ ਦੀ ਸੁਰੂਆਤ

ਵੈਕਸੀਨੇਸ਼ਨ ਇਸ ਮਹਾਂਮਾਰੀ ਦੀ ਤਾਜ਼ਾ ਲਹਿਰ ਨੂੰ ਠੱਲ੍ਹ ਪਾਉਣ ਲਈ ਹੈ ਮਹੱਤਵਪੂਰਨ - ਐਮ.ਐਲ.ਏ. ਅਤੇ ਡੀ.ਸੀ.

ਵਿਧਾਇਕ ਵੈਦ ਅਤੇ ਡੀ.ਸੀ. ਵੱਲੋਂ ਪੋਹੀੜ ਵਿਖੇ ਟੀਕਾਕਰਨ ਕੈਂਪ ਦੀ ਸੁਰੂਆਤ

ਲੁਧਿਆਣਾ: ਵੈਕਸੀਨੇਸ਼ਨ ਦੀ ਗਤੀ ਨੂੰ ਵਧਾਉਣ ਦੇ ਉਦੇਸ਼ ਨਾਲ, ਖ਼ਾਸਕਰ ਪੇਂਡੂ ਖੇਤਰ ਵਿਚ ਲੋਕਾਂ ਦੇ ਘਰਾਂ ਨੇੜੇ ਟੀਕਾਕਰਨ ਦੀਆਂ ਹੋਰ ਥਾਵਾਂ ਸਥਾਪਤ ਕਰਦਿਆਂ ਵਿਧਾਨ ਸਭਾ ਹਲਕਾ ਗਿੱਲ ਤੋਂ ਵਿਧਾਇਕ ਸ.ਕੁਲਦੀਪ ਸਿੰਘ ਵੈਦ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਪੋਹੀੜ ਪਿੰਡ ਵਿਚ ਟੀਕਾਕਰਨ ਕੈਂਪ ਦੀ ਸੁਰੂਆਤ ਕੀਤੀ।

ਆਪਣੀ ਖੱਬੀ ਬਾਂਹ ਵਿਚ ਟੀਕਾ ਲਗਵਾ ਕੇ ਕੈਂਪ ਦੀ ਸ਼ੁਰੂਆਤ ਕਰਦਿਆਂ ਵਿਧਾਇਕ ਵੈਦ ਨੇ ਡਿਪਟੀ ਕਮਿਸ਼ਨਰ ਦੇ ਨਾਲ ਕਿਹਾ ਕਿ 45 ਸਾਲ ਤੋਂ ਵੱਧ ਉਮਰ ਦੇ ਸਾਰੇ ਵਸਨੀਕ ਹੁਣ ਕੋਰੋਨਾ ਵਾਇਰਸ ਟੀਕਿਆਂ ਦੇ ਯੋਗ ਹਨ, ਪ੍ਰਸ਼ਾਸਨ ਪਹਿਲਾਂ ਹੀ ਇਸ ਮਿਸ਼ਨ 'ਤੇ ਕੰਮ ਕਰ ਰਿਹਾ ਅਤੇ ਹੁਣ ਤੱਕ ਲਗਭਗ 250 ਟੀਕਾਕਰਨ ਕੈਂਪ ਲਗਾਏ ਜਾ ਚੁੱਕੇ ਹਨ, ਜਿਸ ਵਿੱਚ ਸਿਵਲ ਹਸਪਤਾਲ, ਸਬ-ਡਵੀਜ਼ਨਲ, ਨਿੱਜੀ ਸੰਸਥਾਵਾਂ ਅਤੇ ਹੈਲਥ ਐਂਡ ਵੈਲਨੈੱਸ ਸੈਂਟਰ ਸ਼ਾਮਲ ਹਨ ਅਤੇ ਅਸੀਂ ੳਮੀਦ ਕਰਦੇ ਹਾਂ ਕਿ ਲੋਕਾਂ ਵੱਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਵੈਕਸੀਨੇਸ਼ਨ ਕਰਵਾਈ ਜਾਵੇ।

ਉਨ੍ਹਾਂ ਕਿਹਾ ਕਿ ਇਹ ਟੀਕਾ ਇਸ ਮਹਾਂਮਾਰੀ ਦੀ ਤਾਜ਼ਾ ਲਹਿਰ ਨੂੰ ਠੱਲ੍ਹ ਪਾਉਣ ਲਈ ਮਹੱਤਵਪੂਰਨ ਹੈ ਅਤੇ ਕੀਮਤੀ ਜਾਨਾਂ ਬਚਾਉਣ ਵਿੱਚ ਵੀ ਸਹਿਯੋਗ ਕਰੇਗਾ।

ਸਰਪੰਚਾਂ ਅਤੇ ਸਥਾਨਕ ਸੰਸਥਾਵਾਂ ਦੇ ਹੋਰ ਨੁਮਾਇੰਦਿਆਂ ਨੂੰ ਵੈਕਸੀਨੇਸ਼ਨ ਸਬੰਧੀ ਝੁੱਠੀਆਂ ਅਫਵਾਹਾਂ ਅਤੇ ਗਲਤ ਜਾਣਕਾਰੀ ਨੂੰ ਫੈਲਾਉਣ ਤੋਂ ਰੋਕਣ ਲਈ ਸਰਗਰਮ ਭੂਮਿਕਾ ਨਿਭਾਉਣ ਲਈ ਜ਼ੋਰ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦਾ ਰਾਸ਼ਟਰੀ ਫਰਜ਼ ਬਣਦਾ ਹੈ ਜਿਸ ਨੂੰ ਦੇਸ਼ ਵਾਸੀਆਂ ਦੀ ਜਾਨ ਬਚਾ ਕੇ ਨਿਭਾਇਆ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਯੋਗ ਸ਼੍ਰੇਣੀ ਦੇ ਲੋਕਾਂ ਦੀ ਵੈਕਸੀਨੇਸ਼ਨ ਲਈ ਕੈਂਪਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ।

ਉਨ੍ਹਾਂ ਇੱਕ ਵੱਡੀ ਆਬਾਦੀ ਦੇ ਵਸਨੀਕਾਂ ਨੂੰ ਥੋੜੇ ਸਮੇਂ ਵਿੱਚ ਟੀਕਾਕਰਣ ਨੂੰ ਯਕੀਨੀ ਬਣਾਉਣ ਲਈ ਇਸ ਮੁਹਿੰਮ ਨੂੰ ਇੱਕ ਵਿਸ਼ਾਲ ਅੰਦੋਲਨ ਵਿੱਚ ਬਦਲਣ ਦੀ ਲੋੜ 'ਤੇ ਜ਼ੋਰ ਦਿੱਤਾ।

ਇਸ ਮੌਕੇ ਪ੍ਰਮੁੱਖ ਤੌਰ 'ਤੇ ਚੇਅਰਮੈਨ ਮਾਰਕੀਟ ਕਮੇਟੀ ਕਿਲ੍ਹਾ ਰਾਏਪੁਰ ਰਣਜੀਤ ਸਿੰਘ ਮਾਂਗਟ, ਸਰਪੰਚ ਰਵਦੀਪ ਸਿੰਘ, ਬਲਬੀਰ ਸਿੰਘ, ਦਵਿੰਦਰ ਸਿੰਘ ਅਤੇ ਹੋਰ ਵੀ ਹਾਜ਼ਰ ਸਨ।