ਹਲਕਾ ਪਾਇਲ ਵਿਧਾਇਕ ਵੱਲੋਂ ਦਾਣਾ ਮੰਡੀ ਦੋਰਾਹਾ ਵਿਖੇ ਟੀਕਾਕਰਨ ਕੈਂਪ ਦੀ ਸ਼ੁਰੂਆਤ

ਹਲਕਾ ਪਾਇਲ ਵਿਧਾਇਕ ਵੱਲੋਂ ਦਾਣਾ ਮੰਡੀ ਦੋਰਾਹਾ ਵਿਖੇ ਟੀਕਾਕਰਨ ਕੈਂਪ ਦੀ ਸ਼ੁਰੂਆਤ

ਪਾਇਲ (ਲੁਧਿਆਣਾ): ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ 'ਤੇ ਫਤਿਹ ਪਾਉਣ ਲਈ ਟੀਕਾਕਰਨ ਸਰਬੋਤਮ ਹੈ, ਇਸ ਗੱਲ ਤੇ ਜ਼ੋਰ ਦਿੰਦਿਆਂ ਹਲਕਾ ਪਾਇਲ ਤੋਂ ਵਿਧਾਇਕ ਸ.ਲਖਬੀਰ ਸਿੰਘ ਲੱਖਾ ਵੱਲੋਂ ਅੱਜ ਦਾਣਾ ਮੰਡੀ ਦੋਰਾਹਾ ਵਿਖੇ ਟੀਕਾਕਰਨ ਕੈਂਪ ਦੀ ਸ਼ੁਰੂਆਤ ਕੀਤੀ।

ਕੈਂਪ ਵਿੱਚ ਐਸ.ਡੀ.ਐਮ. ਪਾਇਲ ਸ.ਮਨਕੰਵਲ ਸਿੰਘ ਚਾਹਲ ਦੇ ਨਾਲ ਵਿਧਾਇਕ ਨੇ ਕਿਹਾ ਕਿ ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ ਅਤੇ ਜਿਹੜੇ ਦੇਸ਼ਾਂ ਵਿੱਚ ਭਾਰਤ ਤੋਂ ਪਹਿਲਾਂ ਟੀਕਾਕਰਣ ਦੀ ਸ਼ੁਰੂਆਤ ਕੀਤੀ ਗਈ, ਉੱਥੇ ਕੋਵਿਡ ਪੋਜਟਿਵ ਮਰੀਜਾਂ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੈਕਸੀਨ ਕਰਾਉਣ ਲਈ ਅੱਗੇ ਆਉਣਾ ਚਾਹੀਦਾ ਜੋ ਕੋਵਿਡ-19 ਲੜੀ ਨੂੰ ਤੋੜਨ ਵਿਚ ਸਹਾਈ ਸਿੱਧ ਹੋਵੇਗੀ।

ਉਨ੍ਹਾਂ ਟੀਕਾ ਲਗਾਉਣ ਲਈ ਆਏ ਲੋਕਾਂ ਨੂੰ ਵੈਕਸੀਨੇਸ਼ਨ ਸਬੰਧੀ ਫੈਲੀਆਂ ਝੁੱਠੀਆਂ ਅਫਵਾਹਾਂ ਦਾ ਖੰਡਨ ਕਰਦਿਆਂ ਹੋਰ ਲੋਕਾਂ ਨੂੰ ਵੀ ਟੀਕਾ ਲਗਾਉਣ ਸਬੰਧੀ ਪ੍ਰੇਰਿਤ ਕਰਨ ਦੀ ਅਪੀਲ ਕੀਤੀ ਅਤੇ ਇਸ ਬਿਮਾਰੀ ਨੂੰ ਜਲਦ ਠੱਲ੍ਹ ਪਾਉਣ ਲਈ ਪੰਚਾਇਤਾਂ, ਬਲਾਕ ਸੰਮਤੀਆਂ ਅਤੇ ਆੜ੍ਹਤੀਆਂ ਤੋਂ ਵੀ ਸਹਿਯੋਗ ਦੀ ਮੰਗ ਕੀਤੀ।

ਵਿਧਾਇਕ ਵੱਲੋਂ ਨਗਰ ਕੌਸਲ ਦੇ ਸਾਬਕਾ ਪ੍ਰਧਾਨ ਸ.ਬੰਤ ਸਿੰਘ ਦਬੁਰਜੀ ਅਤੇ ਹੋਰ ਕੌਂਸਲਰਾਂ ਵੱਲੋਂ ਕੈਂਪ ਵਿਚ ਵੈਕਸੀਨੇਸ਼ਨ ਕਰਵਾਉਣ ਲਈ ਸ਼ਲਾਘਾ ਕੀਤੀ।

ਵਿਧਾਇਕ ਵੱਲੋ ਵੀ ਇਸ ਟੀਕੇ ਪ੍ਰਤੀ ਆਪਣੀ ਉਤਸੁਕਤਾ ਦਿਖਾਈ ਗਈ, ਪਰ ਡਾਕਟਰਾਂ ਨੇ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਕਿਉਂਕਿ ਕੁਝ ਹਫ਼ਤੇ ਪਹਿਲਾਂ ਉਨ੍ਹਾਂ ਦੀ ਕੋਰੋਨਾ ਰਿਪੋਰਟ ਪੋਜਟਿਵ ਆਈ ਸੀ ਅਤੇ ਹੁਣੇ ਇਕਾਂਤਵਾਸ ਤੋਂ ਬਾਹਰ ਆਏ ਹਨ।

ਇਸ ਮੌਕੇ ਉਨ੍ਹਾਂ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਪਿੰਡ ਧਮੋਟ ਵਿਖੇ ਲਗਾਏ ਗਏ ਕੈਂਪ ਦਾ ਮੁਆਇਨਾ ਵੀ ਕੀਤਾ ਅਤੇ ਲੋਕਾਂ ਨੂੰ ਸਕੀਮ ਤਹਿਤ ਨਕਦ ਰਹਿਤ ਬੀਮੇ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਵੀ ਕੀਤੀ।