ਮੈਂਬਰ ਪਾਰਲੀਮੈਂਟ ਡਾ ਅਮਰ ਸਿੰਘ ਨੇ ਐਮ.ਪੀ ਲੈਡ ਸਕੀਮਾਂ ਦਾ ਲਿਆ ਜਾਇਜਾ

ਵੱਖ-ਵੱਖ ਵਿਭਾਗਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਂਦਿਆ ਮੈਂਬਰ ਪਾਰਲੀਮੈਂਟ ਨੇ ਕੀਤੀ ਹਦਾਇਤ ਕਿ ਵਿਕਾਸ ਕਾਰਜਾਂ ਲਈ ਜਾਰੀ ਫੰਡਾ ਦੀ ਕੀਤੀ ਜਾਵੇ ਯੋਗ ਵਰਤੋਂ ਅਤੇ ਮੁਕੰਮਲ ਹੋ ਚੁੱਕੇ ਕੰਮਾਂ ਦੇ ਵਰਤੋਂ ਸਰਟੀਫਿਕੇਟ ਤੁਰੰਤ ਜਮ੍ਹਾਂ ਕਰਵਾਏ ਜਾਣ

ਮੈਂਬਰ ਪਾਰਲੀਮੈਂਟ ਡਾ ਅਮਰ ਸਿੰਘ ਨੇ ਐਮ.ਪੀ ਲੈਡ ਸਕੀਮਾਂ ਦਾ ਲਿਆ ਜਾਇਜਾ

ਮਾਲੇਰਕੋਟਲਾ, 28 ਨਵੰਬਰ, 2023: ਮੈਂਬਰ ਪਾਰਲੀਮੈਂਟ ਫਤਹਿਗੜ੍ਹ ਸਾਹਿਬ ਡਾ ਅਮਰ ਸਿੰਘ ਨੇ ਐਮ.ਪੀ ਲੈਡ ਸਕੀਮਾਂ ਦਾ  ਜਾਇਜਾ ਲੈਂਦਿਆ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਮ ਲੋਕਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਪਹਿਲ ਦੇ ਆਧਾਰ 'ਤੇ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣ  ਤਾਂ ਜੋ ਹੇਠਲੇ ਪੱਧਰ ਤੱਕ ਲੋਕ ਇਨ੍ਹਾਂ ਸਹੂਲਤਾਂ ਦਾ ਲਾਭ ਉਠਾ ਸਕਣ। ਇਸ ਮੌਕੇ ਡਿਪਟੀ ਕਮਿਸ਼ਨਰ  ਡਾ ਪੱਲਵੀ ,ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਕੁਮਾਰ,ਡੀ.ਡੀ.ਪੀ.ਓ ਰੁਪਿੰਦਰ ਕੌਰ, ਉਪ ਅਰਥ ਅਤੇ ਅੰਕੜਾ ਸਲਾਹਕਾਰ ਰਾਜ ਕਮਾਰ, ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸੀ)  ਜਸਵਿੰਦਰ ਕੌਰ, ਜਿਲ੍ਹਾ ਸਿੱਖਿਆ ਅਫ਼ਸਰ ਮੁਹੰਮਦ ਖਲੀਲ, ਜਿਲ੍ਹਾ ਖੇਡ ਅਫ਼ਸਰ ਗੁਰਦੀਪ ਸਿੰਘ, ਪੇਡਾ ਹਰਸਿਮਰਨ ਸਿੰਘ, ਕਾਰਜ ਸਾਧਕ ਅਫ਼ਸਰ ਅਮਰਗੜ੍ਹ /ਅਹਿਮਦਗੜ੍ਹ ਅਮਨਦੀਪ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਮੌਜੂਦ ਸਨ ।

ਉਨ੍ਹਾਂ ਐਮ.ਪੀ. ਲੈਂਡ ਸਕੀਮ ਤਹਿਤ ਵੱਖ-ਵੱਖ ਵਿਭਾਗਾਂ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ ਦਿੱਤੀਆਂ ਗਈਆਂ ਗਰਾਂਟਾਂ ਦੀ ਸਮੀਖਿਆ ਕੀਤੀ। ਵਿਕਾਸ ਕਾਰਜਾਂ ਦੀ ਸਮੀਖਿਆ ਕਰਦਿਆਂ ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਮੁਕੰਮਲ ਹੋ ਚੁੱਕੇ ਵਿਕਾਸ ਕਾਰਜਾਂ ਦੇ ਵਰਤੋਂ ਸਰਟੀਫਿਕੇਟ ਜਲਦ ਜਮ੍ਹਾਂ ਕਰਵਾਏ ਜਾਣ ਅਤੇ ਜੋ ਕੰਮ ਅਧੂਰੇ ਪਏ ਹਨ, ਉਨ੍ਹਾਂ ਨੂੰ ਤੈਅ ਸਮੇਂ ਅਨੁਸਾਰ ਮੁਕੰਮਲ ਕਰ ਲਿਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਕਾਸ ਕੰਮਾਂ ਲਈ ਜਾਰੀ ਕੀਤੇ ਫੰਡਾ ਦੀ ਉਚਿਤ ਵਰਤੋਂ ਨੂੰ ਯਕੀਨੀ ਬਣਾਉਣ ਅਤੇ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਨੂੰ ਮਿਥੇ ਸਮੇਂ 'ਚ ਮੁਕੰਮਲ ਕਰਨ ਲਈ ਕੰਮ 'ਚ ਤੇਜ਼ੀ ਲਿਆਉਣ| ਕੰਮਾਂ ’ਚ ਦੇਰੀ ਅਤੇ ਕਿਸੇ ਵੀ ਤਰ੍ਹਾਂ  ਦੀ ਅਣਗਹਿਲੀ ਨਾ ਕੀਤੀ ਜਾਵੇ ਅਤੇ ਕੰਮ ਦੀ ਗੁਣਵੰਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ । ਉਨ੍ਹਾਂ ਹੋਰ ਕਿਹਾ ਕਿ ਕੰਮ ਦੀ ਗੁਣਵੰਤਾ ਨਾਲ ਕਿਸੇ ਕਿਸਮ ਦਾ ਸਮਝੌਤਾ ਬਰਦਾਸ਼ ਨਹੀਂ ਕੀਤਾ ਜਾਵੇਗਾ ।

ਉਨ੍ਹਾਂ ਵੱਖ ਵੱਖ ਵਿਭਾਗਾਂ ਦੇ ਲੋੜੀਂਦੇ ਪੈਂਡਿੰਗ ਦਸਤਾਵੇਜ਼ਾਂ ਦਾ ਵੀ ਜਾਇਜ਼ਾ ਲਿਆ ਅਤੇ ਹੋਣ ਵਾਲੇ ਹੋਰ ਵਿਕਾਸ ਕੰਮਾਂ ਲਈ ਪ੍ਰਪੋਜ਼ਲ ਬਣਾ ਕੇ ਭੇਜਣ ਲਈ ਕਿਹਾ ਤਾਂ ਜੋ  ਸਰਕਾਰ ਤੋਂ ਇਨ੍ਹਾਂ ਕੰਮਾਂ ਲਈ ਫੰਡ ਜਾਰੀ ਕਰਵਾਏ ਜਾ ਸਕਣ।ਉਨ੍ਹਾਂ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਰਕਾਰ ਵੱਲੋਂ ਜਾਰੀ ਰਾਸ਼ੀ ਦੀ ਯੋਗ ਵਰਤੋਂ ਨੂੰ ਯਕੀਨੀ ਬਣਾਉਣ ਹਿਤ ਨਿੱਜੀ ਤੌਰ 'ਤੇ ਚੱਲ ਰਹੇ ਕੰਮਾਂ ਦਾ ਨਰੀਖਣ ਕਰਨ।

ਡਿਪਟੀ ਕਮਿਸ਼ਨਰ  ਡਾ ਪੱਲਵੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਵਿਸ਼ਵਾਸ ਦਵਾਇਆ ਕਿ ਸਾਰੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇਗੀ ਅਤੇ ਦਿੱਤੇ ਗਏ ਟੀਚਿਆਂ ਨੂੰ ਤਹਿ ਸਮੇਂ ਅਨੁਸਾਰ ਯਕੀਨੀ ਬਣਾਇਆ ਜਾਵੇਗਾ ।