ਦੋਆਬਾ ਕਾਲਜ ਵਿੱਚ ਅੱਜ ਦੇ ਸਮੇਂ ਬਾਰੇ ਨੌਜਵਾਨਾਂ ਦੇ ਵਿਚਾਰਾਂ ’ਤੇ ਚਰਚਾ ਅਯੋਜਤ

ਦੋਆਬਾ ਕਾਲਜ ਵਿੱਚ ਅੱਜ ਦੇ ਸਮੇਂ ਬਾਰੇ ਨੌਜਵਾਨਾਂ ਦੇ ਵਿਚਾਰਾਂ ’ਤੇ ਚਰਚਾ ਅਯੋਜਤ
ਦੋਆਬਾ ਕਾਲਜ ਵਿਖੇ ਅਯੋਜਿਤ ਇੱਕ ਇੰਟਰਐਕਟਿਵ ਚਰਚਾ ਵਿੱਚ ਚੰਦਰ ਮੋਹਨ ਹਾਜਰ ਨੂੰ ਸੰਬੋਧਤ ਕਰਦੇ ਹੋਏ । 

    ਜਲੰਧਰ, 26 ਸਤੰਬਰ, 2026: ਦੋਆਬਾ ਕਾਲਜ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੁਆਰਾ ਸਟੂਡੈਂਟ ਵੈਲਫੇਅਰ ਕਮੇਟੀ ਦੇ ਸੰਯੁਕਤ ਰੂਪ ਨਾਲ ‘ਅੱਜ ਦੇ ਸਮੇਂ ਬਾਰੇ ਨੌਜਵਾਨਾਂ ਦੇ ਵਿਚਾਰ’ ’ਤੇ ਚਰਚਾ ਦਾ ਅਯੋਜਨ ਕੀਤਾ ਗਿਆ । ਚੰਦਰ ਮੋਹਨ—ਸੀਨੀਅਰ ਪੱਤਰਕਾਰ ਅਤੇ ਪ੍ਰਧਾਨ ਆਰੀਆ ਸਿੱਖਿਆ ਮੰਡਲ ਅਤੇ ਪ੍ਰਬੰਧਕੀ ਕਮੇਟੀ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਸਿਮਰਨ ਸਿੱਧੂ— ਵਿਭਾਗਮੁੱਖੀ, ਪ੍ਰੋ. ਸੁਰਜੀਤ ਕੌਰ ਅਤੇ ਪ੍ਰੋ. ਸੋਨਿਆ ਕਾਲਰਾ— ਸੰਯੋਜਕ, ਡਾ. ਪ੍ਰਿਯਾ ਚੋਪੜਾ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ । ਇਸ ਚਰਚਾ ਵਿੱਚ, ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸਮਕਾਲੀਨ ਭਾਰਤ ਦੇ ਸੰਦਰਭ ਵਿੱਚ ਨੌਜਵਾਨਾਂ ਦੀਆਂ ਇੱਛਾਵਾਂ, ਚਿੰਤਾਵਾਂ ਅਤੇ ਦ੍ਰਿਸ਼ਟੀਕੋਣਾਂ ’ਤੇ ਖੁੱਲ੍ਹ ਕੇ ਚਰਚਾ ਕੀਤੀ। 
    ਚੰਦਰ ਮੋਹਨ ਨੇ ਕਿਹਾ ਕਿ ਹਰ ਪੀੜ੍ਹੀ ਨੂੰ ਆਪਣੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਆਪਣੇ ਹੱਲ ਖੁਦ ਲੱਭਣੇ ਪੈਂਦੇ ਹਨ । ਉਨ੍ਹਾਂ ਨੇ ਕਿਹਾ ਕਿ ਮੌਜੂਦਾ ਪੀੜ੍ਹੀ ਪਹਿਲਾਂ ਨਾਲੋਂ ਵਧੇਰੇ ਸਸ਼ਕਤ ਹੈ ਅਤੇ ਉਨ੍ਹਾਂ ਕੋਲ ਆਪਣੇ ਵਿਚਾਰ ਪ੍ਰਗਟ ਕਰਨ ਲਈ ਵਧੇਰੇ ਮੌਕੇ ਅਤੇ ਪਲੇਟਫਾਰਮ ਹਨ । ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਰਾਜਨੀਤਿਕ ਬਿਰਤਾਂਤਾਂ ਤੋਂ ਪਰੇ ਜਾਣਾ ਚਾਹੀਦਾ ਹੈ ਅਤੇ ਵੱਖ—ਵੱਖ ਦ੍ਰਿਬਟੀਕੋਣਾਂ ਤੋਂ ਵੱਖ—ਵੱਖ ਮੁੱਦਿਆਂ ਦਾ ਵਿਸ਼ਲੇਸ਼ਣ ਕਰਨ ਦੀ ਯੋਗਤਾ ਵਿਕਸਤ ਕਰਨੀ ਚਾਹੀਦੀ ਹੈ । 
    ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਵਿਦਿਆਰਥੀਆਂ ਨੂੰ ਏਆਈ ਤੋਂ ਡਰਨ ਦੀ ਬਜਾਏ ਇੱਕ ਉਪਯੋਗੀ ਸਾਧਨ ਵਜੋਂ ਅਪਣਾਉਣ ਦੀ ਸਲਾਹੀ ਦਿੱਤੀ, ਅਤੇ ਮਨੁੱਖੀ ਪਰਸਪਰ ਪ੍ਰਭਾਵ, ਰਚਨਾਤਮਕਤਾ ਅਤੇ ਵਿਹਾਰਕ ਹੁਨਰਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ। 
    ਵਿਦਿਆਰਥਣ ਦ੍ਰਿਸ਼ਟੀ ਨੇ ਸਵਾਲ ਕੀਤਾ ਕਿ ਕੀ ਡਿਗਰੀਆਂ ਨੂੰ ਗਿਆਨ ਦਾ ਅੰਤਮ ਮਾਪ ਮੰਨਿਆ ਜਾਣਾ ਚਾਹੀਦਾ ਹੈ । ਅਨੁਕ੍ਰਿਤੀ ਨੇ ਕਰੰਸੀ ਨੋਟਾਂ ਦੀ ਸਮੱਗਰੀ ਵਿੱਚ ਪ੍ਰਸਤਾਵਿਤ ਤਬਦੀਲੀਆਂ, ਡਿਜੀਟਲ ਭੁਗਤਾਨਾਂ ਅਤੇ ਉਨ੍ਹਾਂ ਦੇ ਸੰਭਾਵੀ ਆਰਥਿਕ ਪ੍ਰਭਾਵ ਬਾਰੇ ਸਵਾਲ ਉਠਾਏ । ਜੈਸਮੀਨ ਨੇ ਨੌਜਵਾਨ ਪੀੜ੍ਹੀ ਅਤੇ ਰਾਜਨੀਤਿਕ ਲੀਡਰਸ਼ਿਪ ਵਿਚਕਾਰ ਵੱਧ ਰਹੇ ਪੀੜ੍ਹੀ—ਦਰ—ਪੀੜ੍ਹੀ ਦੇ ਪਾੜੇ ਦਾ ਮੁੱਦਾ ਉਠਾਇਆ, ਇਹ ਸਵਾਲ ਕੀਤਾ ਕਿ ਰਾਜਨੀਤਿਕ ਫੈਸਲਾ ਲੈਣ ਵਾਲੇ ਅੱਜ ਦੇ ਨੌਜਵਾਨਾਂ ਦੀਆਂ ਇੱਛਾਵਾਂ ਅਤੇ ਚਿੰਤਾਵਾਂ ਨੂੰ ਕਿਵੇਂ ਬਿਹਤਰ ਢੰਗ ਨਾਲ ਸਮਝ ਸਕਦੇ ਹਨ । ਸੁਖਰਾਜ ਸਿੰਘ ਨੇ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਬਾਰੇ ਅੰਕੜੇ ਪੇਸ਼ ਕੀਤੇ, ਇਸਦੀ ਤੁਲਨਾ ਦੂਜੇ ਰਾਜਾਂ ਨਾਲ ਕੀਤੀ ਅਤੇ ਸਮਾਜਿਕ ਸਮੱਸਿਆਵਾਂ ’ਤੇ ਸੂਚਿਤ ਅਤੇ ਸਬੂਤ—ਅਧਾਰਤ ਚਰਚਾ ਦੀ ਲੋੜ ’ਤੇ ਜ਼ੋਰ ਦਿੱਤਾ । ਸਿਮਰਨ ਨੇ ਕਿਹਾ ਕਿ ਰਾਖਵੇਂਕਰਨ ਦੀ ਸਾਰਥਕਤਾ ’ਤੇ ਚਰਚਾ ਕਰਨਾ ਜ਼ਰੂਰੀ ਹੈ ਕਿਉਂਕਿ ਰਾਜਨੀਤਿਕ ਵਿਰੋਧ ਪ੍ਰਦਰਸ਼ਨਾਂ ਅਤੇ ਜਨਤਕ ਪ੍ਰਗਟਾਵੇ ਦੇ ਸੰਦਰਭ ਵਿੱਚ ਹਰੇਕ ਨੂੰ ਜਨਤਕ ਜੀਵਨ ਵਿੱਚ ਮਾਣ—ਸਨਮਾਨ ਬਣਾਈ ਰੱਖਦਾ ਚਾਹੀਦਾ ਹੈ । 
     ਡਾ. ਸਿਮਰਨ ਸਿੱਧੂ—ਵਿਭਾਗਮੁੱਖੀ, ਨੇ ਵਿਦਿਆਰਥੀਆਂ ਨੂੰ ਇਹ ਪੁੱਛ ਕੇ ਚਰਚਾ ਸ਼ੁਰੂ ਕੀਤੀ ਕਿ ਉਹ ਰਾਜਨੀਤੀ ਨੂੰ ਇੱਕ ਪੇਸ਼ੇ ਵਜੋਂ ਅਪਣਾਉਣਾ ਚਾਹੁੰਦੇ ਹਨ । ਰਾਸ਼ਟਰ ਨਿਰਮਾਣ ਵਿੱਚ ਨੌਜਵਾਨਾਂ ਦੀ ਭੂਮਿਕਾ ’ਤੇ ਜ਼ੌਰ ਦਿੰਦੇ ਹੋਏ, ਉਨ੍ਹਾਂ ਨੇ ਉਨ੍ਹਾਂ ਨੂੰ ਨਾ ਸਿਰਫ ਵੋਟਰ ਬਣੇ ਰਹਿਣ, ਸਗੋਂ ਜਨਤਕ ਜੀਵਨ ਅਤੇ ਰਾਜਨੀਤੀ ਵਿੱਚ ਸਰਗਰਮ ਭਾਗੀਦਾਰੀ ‘ਤੇ ਵੀ ਵਿਚਾਰ ਕਰਨ ਦੀ ਅਪੀਲ ਕੀਤੀ । 
    ਤਕਨਾਲੋਜੀ ਅਤੇ ਪੜ੍ਹਾਈ ਦੀਆਂ ਆਦਤਾਂ ਤੇ ਚਿੰਤਾ ਪ੍ਰਗਟ ਕਰਦੇ ਹੋਏ, ਡਾ. ਸਿਮਰਨ ਸਿੱਧੂ ਨੇ ਕਿਹਾ ਕਿ ਵਿਦਿਆਰਥੀਆਂ ਦੀ ਮੋਬਾਈਲ ਫੋਨ ’ਤੇ ਵੱਧ ਰਹੀ ਨਿਰਭਰਤਾ ਅਤੇ ਕਿਤਾਬਾਂ ਅਤੇ ਪਾਠ—ਪੁਸਤਕਾਂ ਨਾਲ ਘਟਦਾ ਸੰਪਰਕ ਉਨ੍ਹਾਂ ਦੀ ਇਕਾਗਰਤਾ, ਵਿਸ਼ਲੇਸ਼ਣਾਤਮਕ ਯੋਗਤਾ ਅਤੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਫੈਸਲਾ ਲੈਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦਾ ਹੈ ।
    ਇਸ ਮੌਕੇ ’ਤੇ ਜਰਨਲਿਜ਼ਮ ਐਂਡ ਮਾਸ ਕਮਿਊਨਿਕੇਸ਼ਨ ਵਿਭਾਗ ਦੇ 98 ਵਿਦਿਆਰਥੀਆਂ ਸਹਿਤ ਸਟੂਡੈਂਟ ਵੇਲਫੇਅਰ ਕਮੇਟੀ ਦੇ ਵਿਦਿਆਰਥੀਆਂ ਨੇ ਸਰਗਰਮੀ ਨਾਲ ਹਿੱਸਾ ਲਿਆ ।