ਡਿਪਟੀ ਕਮਿਸ਼ਨਰ ਨੇ 5 ਕਰੋੜ 21 ਲੱਖ 71 ਹਜ਼ਾਰ ਦੀ ਲਾਗਤ ਨਾਲ ਉਸਾਰੇ ਜਾ ਰਹੇ ਨਵੇਂ ਤਹਿਸੀਲ ਕੰਪਲੈਕਸ ਦੀ ਉਸਾਰੀ ਦੇ ਕੰਮ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਡਿਪਟੀ ਕਮਿਸ਼ਨਰ ਨੇ 5 ਕਰੋੜ 21 ਲੱਖ 71 ਹਜ਼ਾਰ ਦੀ ਲਾਗਤ ਨਾਲ ਉਸਾਰੇ ਜਾ ਰਹੇ ਨਵੇਂ ਤਹਿਸੀਲ ਕੰਪਲੈਕਸ ਦੀ ਉਸਾਰੀ ਦੇ ਕੰਮ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅਮਰਗੜ੍ਹ/ਸੰਦੋੜ/ ਮਾਲੇਰਕੋਟਲਾ, 4 ਜਨਵਰੀ, 2023: ਪ੍ਰਸ਼ਾਸਕੀ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਲਈ ਮਹੀਨਾ ਮਾਰਚ 2024 ਤੇ ਅੰਤ ਤੱਕ 5 ਕਰੋੜ 21 ਲੱਖ 71 ਹਜ਼ਾਰ ਦੀ ਲਾਗਤ ਨਾਲ ਉਸਾਰੇ ਜਾ ਰਹੇ ਨਵੇਂ ਤਹਿਸੀਲ ਕੰਪਲੈਕਸ ਦੀ ਸਹੂਲਤ ਸਬ ਡਵੀਜ਼ਨ ਅਮਰਗੜ੍ਹ ਦੇ ਨਿਵਾਸੀਆਂ ਨੂੰ ਮਿਲ ਜਾਵੇਗੀ, ਜਿਸ ਨਾਲ ਦਫ਼ਤਰਾਂ ਵਿੱਚ ਕੰਮ ਕਰਵਾਉਣ ਲਈ ਇਲਾਕਾ ਨਿਵਾਸੀਆਂ ਨੂੰ ਮਾਲੇਰਕੋਟਲਾ ਵਿਖੇ ਜਾਣ ਦੀ ਲੋੜ ਨਹੀਂ ਰਹੇਗੀ ।

ਅੱਜ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਖ਼ੁਦ ਮੌਕੇ ਤੇ ਜਾ ਕੇ ਨਵੇਂ ਉਸਾਰੇ ਜਾ ਰਹੇ ਕੰਪਲੈਕਸ ਦੀ ਇਮਾਰਤ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਦੀਆਂ ਲੋੜਾਂ ਅਤੇ ਸੁਵਿਧਾਵਾਂ ਨੂੰ ਮੁੱਖ ਰੱਖਦੇ ਹੋਏ ਇਮਾਰਤ ਦੇ ਨਿਰਮਾਣ ਦੇ ਕੰਮ ਨੂੰ ਜਲਦ ਤੋਂ ਜਲਦ ਨੇਪਰੇ ਚਾੜ੍ਹਿਆ ਜਾਵੇ । ਉਨ੍ਹਾਂ ਹਦਾਇਤ ਕੀਤੀ ਕਿ ਉਸਾਰੀ ਦੇ ਕੰਮ ਦੀ ਗੁਣਵੱਤਾ ਅਤੇ ਮਿਆਰ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ । ਕਿਸੇ ਵੀ ਤਰ੍ਹਾਂ ਦੀ ਅਨੁਤਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।ਇਸ ਮੌਕੇ ਉਪ ਮੰਡਲ ਮੈਜਿਸਟਰੇਟ ਸ੍ਰੀਮਤੀ ਸੁਰਿੰਦਰ ਕੌਰ ਵੀ ਮੌਜੂਦ ਸਨ ।

ਇਸ ਮੌਕੇ ਐਸ.ਡੀ.ਓ.ਪੀ.ਡਬਲਿਊ.ਡੀ ਇੰਜ. ਯਾਦਵੀਰ ਸਿੰਘ ਨੇ ਕੰਪਲੈਕਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇਮਾਰਤ ਕੁਲ ਖੇਤਰਫਲ਼ 27 ਹਜ਼ਾਰ 316 ਸੂਕੇਅਰ ਫੁੱਟ ਵਿੱਚ ਉਸਾਰੀ ਜਾ ਰਹੀ ਹੈ ।ਜਿਸ ਦੀ ਪਹਿਲੀ ਮੰਜ਼ਿਲ ਤੇ ਦਫ਼ਤਰ ਐਸ.ਡੀ.ਐਮ. ਸਮੇਤ ਕੋਰਟ ਰੂਮ ਕੁਲ 13 ਕਮਰੇ , ਦੂਜੀ ਮੰਜ਼ਿਲ ਤੇ 12 ਕਮਰੇ ਅਤੇ ਤੀਜੀ ਮੰਜ਼ਿਲ ਤੇ  ਇੱਕ ਵੱਡਾ ਹਾਲ ਉਸਾਰੀਆਂ ਜਾ ਰਿਹਾ ਹੈ ਜਿਸ ਵਿੱਚ ਕਰੀਬ 26 ਕੈਬਿਨ ਹੋਣਗੇ ।

ਇਸ ਉਪਰੰਤ ਡਿਪਟੀ ਕਮਿਸ਼ਨਰ ਨੇ 45 ਲੱਖ ਰੁਪਏ ਦੀ ਲਾਗਤ ਨਾਲ ਸੰਦੌੜ ਚੌਕ ਵਿਖੇ ਉਸਾਰੇ ਜਾਣ ਵਾਲੇ ਫੁੱਟ ਓਵਰ ਬ੍ਰਿਜ ਵਾਲੇ ਸਥਾਨ ਦਾ ਵੀ ਜਾਇਜ਼ਾ ਲਿਆ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਮ ਦੀ ਤਹਿ ਸਮੇਂ ਸੀਮਾ ਅਤੇ ਮਿਆਰ ਨੂੰ ਧਿਆਨ ਵਿੱਚ ਰੱਖ ਕੇ ਮੁਕੰਮਲ ਕਰਨ ਦੇ ਉਪਰਾਲੇ ਕੀਤੇ ਜਾਣ ਅਤੇ ਇਹ ਵੀ ਧਿਆਨ ਰੱਖਿਆ ਜਾਵੇ ਕਿ ਨਿਰਮਾਣ ਦੇ ਕੰਮ ਕਾਰਨ ਕਿਸੇ ਵੀ ਰਾਹਗੀਰ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਪੇਸ਼ ਨਾ ਆਵੇ ।ਇਸ ਮੌਕੇ ਐਕਸ਼ੀਅਨ ਇੰਜ.ਕਮਲਜੀਤ ਸਿੰਘ ਵੀ ਮੌਜੂਦ ਸਨ ।