‘ਕੋਰੋਨਾ ਵਾਇਰਸ ਰੋਕਥਾਮ ਤੇ ਕਰਫ਼ਿਊ ਰਾਹਤ’

ਜ਼ਿਲ੍ਹੇ ’ਚ ਮੈਡੀਕਲ ਸਟੋਰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹਣਗੇ, ਹੋਮ ਡਿਲਿਵਰੀ ਵੀ ਜਾਰੀ ਰਹੇਗੀ

‘ਕੋਰੋਨਾ ਵਾਇਰਸ ਰੋਕਥਾਮ ਤੇ ਕਰਫ਼ਿਊ ਰਾਹਤ’
ਨਵਾਂਸ਼ਹਿਰ ਵਿਖੇ ਜ਼ਿਲ੍ਹੇ ’ਚ ਕੋਰੋਨਾ ਦੀ ਰੋਕਥਾਮ ਅਤੇ ਕਰਫ਼ਿਊ ਰਾਹਤ ਸਬੰਧੀ ਸਥਿਤੀ ਦਾ ਮੁਲਾਂਕਣ ਕਰਨ ਲਈ ਦੇਰ ਸ਼ਾਮ ਹੋਈ ਮੀਟਿੰਗ ’ਚ ਸ਼ਾਮਿਲ ਐਮ ਐਲ ਏ ਅੰਗਦ ਸਿੰਘ, ਡੀ ਸੀ ਵਿਨੈ ਬਬਲਾਨੀ, ਐਸ ਐਸ ਪੀ ਅਲਕਾ ਮੀਨਾ, ਏ ਡੀ ਸੀ ਅਦਿਤਿਆ ਉੱਪਲ ਤੇ ਸਰਬਜੀਤ ਸਿੰਘ ਵਾਲੀਆ ਤੇ ਹੋਰ ਅਧਿਕਾਰੀ।

ਨਵਾਂਸ਼ਹਿਰ: ਜ਼ਿਲ੍ਹੇ ’ਚ ਕੋਰੋਨਾ ਵਾਇਰਸ ਅਤੇ ਕਰਫ਼ਿਊ ਦੇ ਮੱਦੇਨਜ਼ਰ ਉਤਪੰਨ ਸਥਿਤੀ ਅਤੇ ਲੋਕਾਂ ਨੂੰ ਇਸ ਮੁਸ਼ਕਿਲ ਦੀ ਘੜੀ ’ਚ ਰਾਹਤ ਦੇਣ ਬਾਰੇ ਅਹਿਮ ਫ਼ੈਸਲਾ ਲੈਂਦਿਆਂ 27 ਮਾਰਚ ਤੋਂ ਜ਼ਿਲ੍ਹੇ ਦੇ ਮੈਡੀਕਲ ਸਟੋਰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ।
ਇਸ ਦੇ ਨਾਲ ਹੀ ਜ਼ਿਲ੍ਹੇ ਦੇ ਗਰੀਬ ਤੇ ਲੋੜਵੰਦ ਪਰਿਵਾਰਾਂ ਤੱਕ ਪ੍ਰਸ਼ਾਸਨ ਦੀ ਪਹੁੰਚ ਬਣਾਉਣ ਲਈ 2900 ਪੈਕੇਟ ਰਾਸ਼ਨ ਵੰਡਣ ਦਾ ਫ਼ੈਸਲਾ ਵੀ ਕੀਤਾ ਗਿਆ। ਮੀਟਿੰਗ ਵਿੱਚ ਐਮ ਐਲ ਏ ਅੰਗਦ ਸਿੰਘ, ਡੀ ਸੀ ਵਿਨੈ ਬਬਲਾਨੀ, ਐਸ ਐਸ ਪੀ ਅਲਕਾ ਮੀਨਾ, ਏ ਡੀ ਸੀ ਅਦਿਤਿਆ ਉੱਪਲ ਤੇ ਸਰਬਜੀਤ ਸਿੰਘ ਵਾਲੀਆ, ਐਸ ਡੀ ਐਮ ਜਗਦੀਸ਼ ਸਿੰਘ ਜੌਹਲ ਨਵਾਂਸ਼ਹਿਰ, ਗੌਤਮ ਜੈਨ ਬੰਗਾ, ਜਸਬੀਰ ਸਿੰਘ ਬਲਾਚੌਰ, ਡੀ ਐਸ ਪੀ ਨਵਾਂਸ਼ਹਿਰ ਹਰਨੀਲ ਸਿੰਘ, ਡੀ ਐਸ ਪੀ ਬੰਗਾ ਨਵਨੀਤ ਸਿੰਘ ਮਾਹਲ, ਡੀ ਐਸ ਪੀ ਬਲਾਚੌਰ ਜਤਿੰਦਰਜੀਤ ਸਿੰਘ, ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ, ਡੀ ਐਸ ਪੀ ਦੀਪਿਕਾ ਸਿੰਘ, ਸਹਾਇਕ ਕਮਿਸ਼ਨਰ ਦੀਪਜੋਤ ਕੌਰ, ਏ ਈ ਟੀ ਸੀ ਜਤਿੰਦਰ ਕੌਰ ਤੇ ਈ ਓਜ਼ ਤੇ ਬੀ ਡੀ ਪੀ ਓਜ਼ ਮੌਜੂਦ ਸਨ।
ਮੀਟਿੰਗ ’ਚ ਜ਼ਰੂਰੀ ਵਸਤਾਂ ਨਾਲ ਸਬੰਧਤ ਸਮੂਹ ਅਧਿਕਾਰੀਆਂ ਜਿਵੇਂ ਡੀ ਐਫ ਐਸ ਸੀ, ਡਰੱਗ ਇੰਸਪੈਕਟਰ, ਮੰਡੀ ਬੋਰਡ ਆਦਿ ਨੂੰ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਕਿ ਇਨ੍ਹਾਂ ਦਿਨਾਂ ਦੌਰਾਨ ਦੂਸਰੇ ਜ਼ਿਲ੍ਹਿਆਂ ਜਾਂ ਰਾਜਾਂ ਤੋਂ ਥੋਕ ’ਚ ਆਉਣ ਵਾਲੇ ਸਮਾਨ ਦੀ ਸਪਲਾਈ ਨੂੰ ਨਿਰੰਤਰ ਯਕੀਨੀ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਮੁਸ਼ਕਿਲ ਨਾ ਆਵੇ। ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਾਸਦੇਵ ਸ਼ਰਮਾ ਨੂੰ ਜ਼ਿਲ੍ਹੇ ’ਚ ਪਸ਼ੂ ਫੀਡ ਤੇ ਚਾਰੇ ਸਬੰਧੀ ਕੋਈ ਵੀ ਮੁਸ਼ਕਿਲ ਨਾ ਆਉਣ ਦੇਣ ਲਈ ਆਖਿਆ ਗਿਆ।
ਇਸੇ ਤਰ੍ਹਾਂ ਜ਼ਿਲ੍ਹੇ ’ਚ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਜਿੱਥੇ ਬਲਾਚੌਰ ਦੇ ਸਰਕਾਰੀ ਹਸਪਤਾਲ ’ਚ ਮਹਿਲਾ ਰੋਗ ਸੇਵਾਵਾਂ ਤੇ ਐਮਰਜੈਂਸੀ, ਬੰਗਾ, ਰਾਹੋਂ ਤੇ ਮੁਕੰਦਪੁਰ ’ਚ ਐਮਰਜੈਂਸੀ ਸੇਵਾਵਾਂ ਉਪਲਬਧ ਕਰਵਾਉਣ ਦਾ ਫੈਸਲਾ ਲਿਆ ਗਿਆ ਉੱਥੇ ਪਿੰਡਾਂ ਦੇ ਲੋਕਾਂ ਨੂੰ ਕੋਈ ਵੀ ਮੁਸ਼ਕਿਲ ਆਉਣ ’ਤੇ 25 ਆਰ ਆਰ ਟੀ ਟੀਮਾਂ ਦੁਆਰਾ ਸੇਵਾਵਾਂ ਦੇਣ ’ਤੇ ਵਿਚਾਰ ਕੀਤਾ ਗਿਆ।
ਸਿਵਲ ਸਰਜਨ ਡਾ. ਰਜਿੰਦਰ ਭਾਟੀਆ ਨੇ ਦੱਸਿਆ ਕਿ ਕਲ੍ਹ ਅਤੇ ਅੱਜ ਜ਼ਿਲ੍ਹੇ ਦੇ ਪਠਲਾਵਾ ਅਤੇ ਆਸ-ਪਾਸ ਦੇ ਪਿੰਡਾਂ ’ਚੋਂ ਕੁੱਲ 247 ਸੈਂਪਲ ਲਏ ਗਏ ਹਨ, ਜੋ ਕਿ ਟੈਸਟਿੰਗ ਲਈ ਭੇਜੇ ਜਾ ਰਹੇ ਹਨ।
ਇਸ ਮੌਕੇ ਆਈ ਜੀ ਲੁਧਿਆਣਾ ਰੇਂਜ ਜਸਕਰਨ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ’ਚ ਸਥਿਤੀ ਨੂੰ ਸੰਭਾਲਣ ਲਈ ਜਿੱਥੇ ਸਮੁੱਚੀ ਪੁਲਿਸ ਫ਼ੋਰਸ ਨੂੰ ਲੋਕਾਂ ਪ੍ਰਤੀ ਨਿਮਰ ਰਹਿਣ ਲਈ ਕਿਹਾ ਗਿਆ ਹੈ ਉੱਥੇ ਨਾਲ ਹੀ ਮੁਸੀਬਤ ਦੀ ਘੜੀ ’ਚ ਕਿਸੇ ਵੀ ਮਰੀਜ਼ ਆਦਿ ਨੂੰ ਹਸਪਤਾਲ ’ਚ ਪੁੱਜਣ ਲਈ ਪਹਿਲ ਦੇ ਆਧਾਰ ’ਤੇ ਮੱਦਦ ਕਰਨ ਲਈ ਵੀ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਹਰੇਕ 10 ਪਿੰਡਾਂ ਪਿੱਛੇ ਪੈਟਰੋਲਿੰਗ ਚਲਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ’ਚ ਕੰਮ ਰਹੇ ਕੰਟਰੋਲ ਰੂਮ ਦੀਆਂ ਤਿੰਨ ਲਾਈਨਾਂ ਘੱਟ ਪੈਣ ਕਾਰਨ ਇਨ੍ਹਾਂ ਨੂੰ ਵਧਾ ਕੇ ਅੱਠ ਕੀਤਾ ਜਾ ਰਿਹਾ ਹੈ ਜਦਕਿ ਵਿਦੇਸ਼ ਤੋਂ ਪਰਤੇ ਵਿਅਕਤੀਆਂ ਨਾਲ ਸੇਵਾ ਕੇਂਦਰਾਂ ਰਾਹੀਂ ਲਗਾਤਾਰ ਰਾਬਤਾ ਕੀਤਾ ਜਾ ਰਿਹਾ ਹੈ। /(26 ਮਾਰਚ)