ਜ਼ਿਲ੍ਹਾ ਮਾਲੇਰਕੋਟਲਾ ਦੀ ਹਦੂਦ ਅੰਦਰ ਬਿਨ੍ਹਾਂ ਲਾਇਸੰਸ ਤੇ ਬਗ਼ੈਰ ਮਨਜ਼ੂਰੀ ਪਟਾਕੇ ਵੇਚਣ ਜਾਂ ਸਟੋਰ ਕਰਨ 'ਤੇ ਪੂਰਨ ਪਾਬੰਦੀ

ਜ਼ਿਲ੍ਹਾ ਮਾਲੇਰਕੋਟਲਾ ਦੀ ਹਦੂਦ ਅੰਦਰ ਬਿਨ੍ਹਾਂ ਲਾਇਸੰਸ ਤੇ ਬਗ਼ੈਰ ਮਨਜ਼ੂਰੀ ਪਟਾਕੇ ਵੇਚਣ ਜਾਂ ਸਟੋਰ ਕਰਨ 'ਤੇ ਪੂਰਨ ਪਾਬੰਦੀ

ਮਾਲੇਰਕੋਟਲਾ, 26 ਅਕਤੂਬਰ, 2023: ਜ਼ਿਲ੍ਹਾ ਮੈਜਿਸਟਰੇਟ, ਮਾਲੇਰਕੋਟਲਾ ਡਾ ਪੱਲਵੀ ਨੇ ਮਾਨਯੋਗ ਸੁਪਰੀਮ ਕੋਰਟ ਆਫ਼ ਇੰਡੀਆ ਵੱਲੋਂ ਜਨ ਹਿਤ ਪਟੀਸ਼ਨ ਨੰਬਰ 728 ਆਫ਼ 2015 ਰਾਹੀਂ ਜਾਰੀ ਹੋਏ ਹੁਕਮਾਂ ਦੇ ਸਨਮੁੱਖ ਦੀਵਾਲੀ, ਗੁਰਪੁਰਬ ਵਾਲੇ ਦਿਨ ਪਟਾਕੇ ਚਲਾਉਣ ਦੇ ਸਮੇਂ ਸਬੰਧੀ ਅਤੇ ਪਟਾਕਿਆਂ ਦੀ ਸਟੋਰੇਜ਼/ਵੇਚਣ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

ਜ਼ਿਲ੍ਹਾ ਮੈਜਿਸਟਰੇਟ, ਮਾਲੇਰਕੋਟਲਾ ਡਾ ਪੱਲਵੀ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 (2 ਆਫ਼ 1974) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਤਹਿਤ ਜਾਰੀ ਇਨ੍ਹਾਂ ਹੁਕਮਾਂ ਅਧੀਨ ਮਾਨਯੋਗ ਅਦਾਲਤ ਵੱਲੋਂ ਜਾਰੀ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹੇ ਦੀ ਹਦੂਦ ਅੰਦਰ ਕਿਸੇ ਵੀ ਵਿਅਕਤੀ ਵੱਲੋਂ ਜ਼ਿਲ੍ਹਾ ਮੈਜਿਸਟਰੇਟ ਦੀ ਪੂਰਵ-ਪ੍ਰਵਾਨਗੀ ਜਾਂ ਲਾਇਸੰਸ ਬਗ਼ੈਰ ਪਟਾਕੇ ਵੇਚਣ ਅਤੇ ਸਟੋਰ ਕਰਨ 'ਤੇ ਪੂਰਨ ਪਾਬੰਦੀ ਲਗਾਈ ਹੈ।

ਇਨ੍ਹਾਂ ਹੁਕਮਾਂ ਤਹਿਤ ਪ੍ਰਸ਼ਾਸਨ ਵੱਲੋਂ ਪਟਾਕਿਆਂ ਦੀ ਵਿਕਰੀ ਲਈ ਸਥਾਨ ਨਿਰਧਾਰਿਤ ਕੀਤੇ ਹਨ ।ਹੁਕਮਾਂ ਮੁਤਾਬਕ ਮਾਲੇਰਕੋਟਲਾ ਵਿਖੇ ਪੀ.ਡਬਲਯੂ.ਡੀ.ਰੈਸਟ ਹਾਊਸ ਦੇ ਸਾਹਮਣੇ ਡਿਫੈਂਸ ਵਿਭਾਗ ਦੀ ਖ਼ਾਲੀ ਜਗ੍ਹਾ, ਸਬ ਡਵੀਜ਼ਨ, ਅਹਿਮਦਗੜ੍ਹ ਵਿਖੇ ਗਾਂਧੀ ਸਕੂਲ ਅਹਿਮਦਗੜ੍ਹ ਦੇ ਪਿਛਲੇ ਪਾਸੇ ਅਤੇ ਸਬ ਡਵੀਜ਼ਨ ਅਮਰਗੜ੍ਹ ਵਿਖੇ ਖੇਡ ਸਟੇਡੀਅਮ ਵਿਖੇ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ,ਜਦਕਿ ਹੋਰ ਕਿਸੇ ਵੀ ਜਗ੍ਹਾ 'ਤੇ ਪਟਾਕਿਆਂ ਦੀ ਵਿੱਕਰੀ ਨਹੀਂ ਕੀਤੀ ਜਾਵੇਗੀ।ਇੱਥੇ ਪਟਾਕੇ ਚਲਾਉਣ ਅਤੇ ਹੋਰ ਜਲਨਸ਼ੀਲ ਪਦਾਰਥਾਂ ਦੀ ਵਰਤੋਂ 'ਤੇ ਵੀ ਪੂਰਨ ਪਾਬੰਦੀ ਲਗਾਈ ਹੈ।

ਹੁਕਮਾਂ ਵਿੱਚ ਬੇਰੀਅਮ, ਸਾਲਟ ਤੇ ਕੰਪਾਊਂਡ ਆਫ਼ ਐਂਟੀਮਨੀ, ਲਿਥੀਅਮ, ਮਰਕਰੀ, ਆਰਸੈਨਿਕ, ਲੈਡ ਆਫ਼ ਸਟਰੋਨਟੀਅਮ ਕਰੋਮੇਟ ਤੋਂ ਬਣੇ ਪਟਾਕੇ ਵੇਚਣ 'ਤੇ ਪੂਰਨ ਪਾਬੰਦੀ ਲਗਾਈ ਹੈ।ਮਾਨਯੋਗ ਅਦਾਲਤ ਵੱਲੋਂ ਜਾਰੀ ਦਿਸ਼ਾ ਨਿਰਦੇਸ਼ ਅਨੁਸਾਰ ਦੀਵਾਲੀ ਤੇ ਗੁਰਪੁਰਬ ਵਾਲੇ ਦਿਨ ਪਟਾਕੇ ਮਿੱਥੇ ਸਮੇਂ 'ਤੇ ਹੀ ਚਲਾਏ ਜਾਣਗੇ।ਇਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਪਟਾਕੇ ਚਲਾਉਣ ਤੇ ਵੀ ਪੂਰਨ ਤੌਰ ਤੇ ਪਾਬੰਦੀ ਹੋਵੇਗੀ।

ਦੀਵਾਲੀ ਵਾਲੇ ਦਿਨ ( 12 ਨਵੰਬਰ 2023) ਨੂੰ ਪਟਾਕੇ ਰਾਤ 8:00 ਵਜੇ ਤੋਂ ਰਾਤ 10:00 ਵਜੇ ਤੱਕ ਅਤੇ ਗੁਰਪੁਰਬ ਵਾਲੇ ਦਿਨ (27 ਨਵੰਬਰ 2023) ਨੂੰ ਪਟਾਕੇ ਚਲਾਉਣ ਦਾ ਸਮਾਂ ਸਵੇਰੇ 04:00 ਵਜੇ ਤੋਂ ਸਵੇਰੇ 05:00 ਵਜੇ ਤੱਕ (ਇੱਕ ਘੰਟਾ) ਅਤੇ ਰਾਤ 09:00 ਵਜੇ ਤੋਂ ਰਾਤ 10:00 ਵਜੇ ਤੱਕ (ਇੱਕ ਘੰਟਾ), ਕ੍ਰਿਸਮਿਸ ਵਾਲੇ ਦਿਨ ( 25 ਤੇ 26 ਦਸੰਬਰ 2023 ) ਨੂੰ ਪਟਾਕੇ ਚਲਾਉਣ ਦਾ ਸਮਾਂ ਰਾਤ 11:55 ਵਜੇ ਤੋਂ ਸਵੇਰ 12:30 ਵਜੇ ਤੱਕ ਅਤੇ ਨਵਾਂ ਸਾਲ(31 ਦਸੰਬਰ 2023 ਤੋਂ 01 ਜਨਵਰੀ 2024) ਨੂੰ ਪਟਾਕੇ ਚਲਾਉਣ ਦਾ ਸਮਾਂ ਰਾਤ 11:55 ਵਜੇ ਤੋਂ ਸਵੇਰ 12.30 ਤੱਕ ਲਈ ਸਮਾਂ ਨਿਯਤ ਕੀਤਾ ਹੈ।

ਇਹ ਹੁਕਮ ਸੀਨੀਅਰ ਕਪਤਾਨ ਪੁਲਿਸ,ਮਾਲੇਰਕੋਟਲਾ, ਸਿਵਲ ਸਰਜਨ, ਸਮੂਹ ਕਾਰਜ ਸਾਧਕ ਅਫ਼ਸਰ,ਨਗਰ ਕੌਂਸਲ/ਨਗਰ ਪੰਚਾਇਤ ਨੂੰ ਭੇਜਦਿਆਂ ਇੰਨ ਬਿੰਨ ਲਾਗੂ ਕਰਵਾਉਣ ਦੇ ਪਾਬੰਦ ਕੀਤਾ ਗਿਆ ਹੈ।ਹੁਕਮਾਂ ਮੁਤਾਬਕ ਤਿਉਹਾਰਾਂ ਦਾ ਸੀਜ਼ਨ ਮੱਦੇ ਨਜ਼ਰ ਪਟਾਕਿਆਂ ਆਦਿ ਦੀ ਵਰਤੋਂ, ਖ਼ਰੀਦੋ ਫ਼ਰੋਖ਼ਤ ਅਤੇ ਸਟੋਰੇਜ ਕੀਤੀ ਜਾਂਦੀ ਹੈ ਪਰੰਤੂ ਮੁਕੰਮਲ ਸਾਵਧਾਨੀ ਨਾ ਵਰਤਣ ਕਾਰਨ ਕਈ ਤਰ੍ਹਾਂ ਦੇ ਹਾਦਸੇ ਪੇਸ਼ ਆਉਂਦੇ ਹਨ,ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।ਇਸ ਲਈ ਪਟਾਕਿਆਂ ਦੀ ਵਰਤੋਂ ਕਾਰਨ ਪੇਸ਼ ਆਉਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਜ਼ਿਲ੍ਹਾ ਮੈਜਿਸਟਰੇਟ ਨੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।