ਮਿੰਨੀ ਕਹਾਣੀ ਲੇਖਕ ਮੰਚ ਅਤੇ ਭਾਰਤ ਗਿਆਨ ਵਿਗਿਆਨ ਸੰਮਤੀ ਵਲੋਂ ਅਣੂ (ਮਿੰਨੀ ਪੱਤਿ੍ਰਕਾ) ਦਾ ਚੌਥਾ ਗੋਲਡਨ ਜੁਬਲੀ ਅੰਕ ਲੋਕ ਅਰਪਨ ਕੀਤਾ ਗਿਆ

ਮਿੰਨੀ ਕਹਾਣੀ ਲੇਖਕ ਮੰਚ ਅਤੇ ਭਾਰਤ ਗਿਆਨ ਵਿਗਿਆਨ ਸੰਮਤੀ ਵਲੋਂ ਅਣੂ (ਮਿੰਨੀ ਪੱਤਿ੍ਰਕਾ) ਦਾ ਚੌਥਾ ਗੋਲਡਨ ਜੁਬਲੀ ਅੰਕ ਲੋਕ ਅਰਪਨ ਕੀਤਾ ਗਿਆ

ਲੁਧਿਆਣਾ,  19 ਅਕਤੂਬਰ, 2021: ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ.) ਅੰਮਿ੍ਰਤਸਰ ਦੀ ਮਾਨਾਂਵਾਲਾ ਸ਼ਾਖਾ ਵਿਖੇ ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਅਤੇ ਭਾਰਤ ਗਿਆਨ ਵਿਗਿਆਨ ਸੰਮਤੀ ਵਲੋਂ 21ਵਾਂ ਅੰਤਰ-ਰਾਜੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਅਣੂ (ਮਿੰਨੀ ਪੱਤਿ੍ਰਕਾ) ਦੇ ਗੋਲਡਨ ਜੁਬਲੀ ਵਰੱੇ ਦਾ ਚੌਥਾ ਵਿਸ਼ੇਸ਼ ਅੰਕ ‘ਮੁੱਢਲੇ ਅਣੂ ਦੇ ਹੋ ਰੰਗ’ ਭਰਪੂਰ ਹਾਜ਼ਰੀ ਵਾਲੇ ਪਾਠਕਾਂ, ਲੇਖਕਾਂ ਤੇ ਵਿਦਵਾਨਾਂ ਦੀ ਹਾਜ਼ਰੀ ਵਿਚ ਲੋਕ ਅਰਪਨ ਕੀਤਾ ਗਿਆ।
ਪਿੰਗਲਵਾੜਾ ਦੀ ਮੁੱਖ ਸੇਵਾਦਾਰ ਬੀਬੀ ਇੰਦਰਜੀਤ ਕੌਰ ਜੀ ਨੇ ਰੀਲੀਜ਼ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਮਨੁੱਖ ਦਾ ਧਰਮ ਸੇਵਾ ਤੇ ਸੰਤੋਖ ਹੈ ਜਿਸ ਦੀ ਨਿਰੰਤਰ ਪਾਲਣਾ ਕਰਦਿਆਂ, ਸੈਂਕੜੇ ਬੇਸਹਾਰਾ ਬੱਚਿਆਂ, ਜਵਾਨਾਂ ਤੇ ਬਜ਼ੁਰਗਾਂ ਦੀ ਸੇਵਾ ਸੰਭਾਲ ਕੀਤੀ ਜਾਂਦੀ ਹੈ। ਇੰਝ ਹੀ ਲੇਖਕਾਂ ਦਾ ਧਰਮ ਮਨੁੱਖਤਾ ਦੀ ਸੇਵਾ ਕਰਨਾ ਹੈ। ਅਣੂ ਦੀ ਪੰਜਾਹ ਸਾਲ ਦੀ ਘਾਲਣਾ ਰਾਹੀਂ ਇਹ ਅਦਾਰਾ ਪਾਠਕਾਂ ਵਿਚ ਇਨਸਾਨੀਅਤ ਗੁਣ ਪੈਦਾ ਕਰਨ ਲਈ ਸਫਲ ਸਿੱਧ ਹੋਇਆ ਹੈ। ਅਣੂ ਪੱਤਿ੍ਰਕਾ ਅਤੇ ਪਿੰਗਲਵਾੜਾ ਇਕੋ ਉਦੇਸ਼ ਮਾਨਵੀ ਸੇਵਾ ਲਈ ਸਮਰਪਤ ਹਨ। ਇਸੇ ਕਰਕੇ ਇਸ ਅੰਕ ਨੂੰ ਰੀਲੀਜ਼ ਕਰਨਾ ਮੇਰੇ ਲਈ ਅਤਿਅੰਤ ਪ੍ਰਸੰਨਤਾ ਵਾਲੀ ਗੱਲ ਹੈ।
ਮਿੰਨੀ ਕਹਾਣੀ ਲੇਖਕ ਮੰਚ ਦੇ ਪ੍ਰਧਾਨ ਤੇ ਪ੍ਰਸਿੱਧ ਮਿੰਨੀ ਕਹਾਣੀ ਰਚਨਾਕਾਰ ਹਰਭਜਨ ਸਿੰਘ ਖੇਮਕਰਨੀ ਨੇ ਕਿਹਾ ਕਿ ਮੈਂ ਅਣੂ ਪੱਤਿ੍ਰਕਾ ਨਾਲ ਇਸ ਦੇ ਆਰੰਭ ਤੋਂ ਜੁੜਿਆ ਹੋਇਆ ਹਾਂ। ਇਸ ਵਿਚਲੀਆਂ ਰਚਨਾਵਾਂ ਨੇ ਮੈਨੂੰ ਮਿੰਨੀ ਕਹਾਣੀ ਲਿਖਣ ਲਈ ਹਮੇਸ਼ਾ ਉਤਸ਼ਾਹਿਤ ਕੀਤਾ ਹੈ। ਨਵ ਲੇਖਕਾਂ ਨੂੰ ਮਿੰਨੀ ਕਹਾਣੀ ਦੀ ਸਮੱਗਰੀ ਅਤੇ ਰੂਪ ਵਿਧਾਨ ਨੂੰ ਸਮਝਾਉਣ ਲਈ ਅਣੂ ਦਾ ਯੋਗਦਾਨ ਸ਼ਲਾਘਾਯੋਗ ਹੈ।
ਹਰਿਆਣਾ ਤੋਂ ਵਿਸ਼ੇਸ਼ ਤੌਰ ਤੇ ਸ਼ਾਮਲ ਡਾ. ਅਸ਼ੋਕ ਭਾਟੀਆ ਹੋਰਾਂ ਇਸ ਵਿਸ਼ੇਸ਼ ਅੰਕ ਦੇ ਰੀਲੀਜ਼ ਹੋਣ ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਣੂ ਵਿਚ ਛਪਦੀਆਂ ਉੱਚਪਾਏਦਾਰ ਰਚਨਾਵਾਂ ਵਿਦਵਾਨਾਂ ਦਾ ਉਚੇਚੇ ਤੌਰ ਤੇ ਧਿਆਨ ਖਿੱਚਦੀਆਂ ਹਨ। ਇਨ੍ਹਾਂ ਦੀ ਉੱਚਤਮਾ ਕਰਕੇ ਆਪਣੇ ਹਿੰਦੀ ਖੋਜ ਕਾਰਜਾਂ ਲਈ ਇਨ੍ਹਾਂ ਨੂੰ ਸਮੱਗਰੀ ਤੇ ਹਵਾਲੇ ਦੇ ਤੌਰ ਤੇ ਵਰਤਦਾ ਹਾਂ ਤਾਂ ਜੁ ਪੰਜਾਬੀ ਦੇ ਮਿੰਨੀ ਸਾਹਿਤ ਨੂੰ ਹਿੰਦੀ ਪਾਠਕਾਂ ਅਤੇ ਵਿਦਵਾਨਾਂ ਤੱਕ ਪਹੁੰਚਾਇਆ ਜਾ ਸਕੇ ਅਤੇ ਹਿੰਦੀ-ਪੰਜਾਬੀ ਮਿੰਨੀ ਸਾਹਿਤ ਦਾ ਤੁਲਨਾਤਮਿਕ ਸੰਵਾਦ ਰਚਾਇਆ ਜਾ ਸਕੇ।
ਸਾਹਿਤ ਪਾਰਖੂ ਡਾ. ਨੈਬ ਸਿੰਘ ਮੰਡੇਰ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਣੂ ਵਿਚ ਛਪਦੀਆਂ ਰਚਨਾਵਾਂ ਦੀ ਚੋਣ ਬਿਨਾਂ ਭੇਦਭਾਵ ਤੇ ਕੇਵਲ ਮੈਰਿਟ ਦੇ ਆਧਾਰ ਤੇ ਹੋਣ ਕਰਕੇ ਸਾਹਿਤ ਦੀ ਗੁਣਵਤਾ ਦਾ ਚਰਚਾ ਹੁੰਦਾ ਰਹਿੰਦਾ ਹੈ। ਪੰਜਾਬ ਤੋਂ ਬਾਹਰ ਵੀ ਪਾਠਕਾਂ ਦੀ ਦਿਲਚਸਪੀ ਤੇ ਵਿਦਵਾਨਾਂ ਦੀਆਂ ਟਿੱਪਣੀਆਂ ਇਸ ਦੇ ਮਿਆਰ ਦੀ ਗਵਾਹੀ ਭਰਦੀਆਂ ਹਨ। ਇਸ ਵਿਚਲੀਆਂ ਰਚਨਾਵਾਂ ਪੰਜਾਬੀ ਮਿੰਨੀ ਸਾਹਿਤ ਦੇ ਰੁਝਾਣ, ਦਸ਼ਾ ਤੇ ਦਿਸ਼ਾ ਅਤੇ ਸਮਾਜਿਕ ਜੀਵਨ ਦੀਆਂ ਵਿਸੰਗਤੀਆਂ ਨੂੰ ਸਫਲਤਾ ਨਾਲ ਆਪਣੇ ਘੇਰੇ ਵਿਚ ਲੈਂਦੀਆਂ ਹਨ ਜੋ ਗੰਭੀਰ ਸਾਹਿਤਕ ਚਰਚਾ ਦਾ ਆਧਾਰ ਬਣਦੀਆਂ ਹਨ।
ਰੀਲੀਜ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਡਾ. ਕੁਲਦੀਪ ਸਿੰਘ (ਕੁਰੂਕਸ਼ੇਤਰ ਯੂਨੀਵਰਸਿਟੀ), ਡਾ. ਕੁਲਦੀਪ ਸਿੰਘ ਦੀਪ, ਡਾ. ਗੁਰਦੀਪ ਸਿੰਘ, ਸ੍ਰੀ ਨਿਰੰਜਣ ਬੋਹਾ, ਸ੍ਰੀ ਜਗਦੀਸ਼ ਕੁਲਰੀਆ, ਡਾ. ਰਵਿੰਦਰ ਸਿੰਘ ਸੰਧੂ, ਸ੍ਰੀ ਪਿਆਰੇ ਲਾਲ ਗਰਗ, ਡਾ. ਦੀਪਾ ਕੁਮਾਰ, ਸ੍ਰੀਮਤੀ ਕਾਂਤਾ ਰਾਏ (ਭੂਪਾਲ), ਡਾ. ਬਲਰਾਮ ਅਗਰਵਾਲ (ਦਿੱਲੀ), ਡਾ. ਸ਼ੀਲ ਕੌਸ਼ਿਕ, ਡਾ. ਭਵਾਨੀ ਸ਼ੰਕਰ ਗਰਗ, ਡਾ. ਹਰਪ੍ਰੀਤ ਰਾਣਾ, ਡਾ. ਪ੍ਰਸ਼ੋਤਮ ਲਾਲ, ਯੋਗਰਾਜ ਪ੍ਰਭਾਕਰ, ਜਸਪਾਲ ਮਾਨਖੇੜਾ, ਸ੍ਰੀਮਤੀ ਹਰਜਿੰਦਰ ਕੌਰ ਕੰਗ, ਰੰਗਮੰਚ ਰੰਗ ਕਰਮੀ ਕੇਵਲ ਧਾਲੀਵਾਲ, ਅਸ਼ੋਕਪੁਰੀ, ਗੁਰਮੇਲ ਸ਼ਾਮ ਨਗਰ, ਕੁਲਵਿੰਦਰ ਕੌਸ਼ਲ, ਮਹਿੰਦਰਪਾਲ ਮਿੰਦਾ, ਦਰਸ਼ਨ ਬਰੇਟਾ, ਗੁਰਤੇਜ ਰੋੜਕੀ, ਮੰਗਤ ਕੁਲਜਿੰਦ, ਸ੍ਰੀਮਤੀ ਸੀਮਾ ਵਰਮਾ, ਰਾਜਦੇਵ ਸਿੱਧੂ, ਸਤਪਾਲ ਖੁੱਲਰ, ਵਿਵੇਕ ਸਮੇਤ ਸੈਂਕੜੇ ਲੇਖਕ ਸ਼ਾਮਲ ਸਨ।