31 ਅਕਤੂਬਰ ਤੋਂ 6 ਨਵੰਬਰ 2022 ਤੱਕ ਚੱਲੇਗਾ ਵਿਜੀਲੈਂਸ ਜਾਗਰੂਕਤਾ ਸਪਤਾਹ

ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਰੋਕੂ ਜਾਗਰੂਕਤਾ ਸੈਮੀਨਾਰ ਦਾ ਆਯੋਜਨ

31 ਅਕਤੂਬਰ ਤੋਂ 6 ਨਵੰਬਰ 2022 ਤੱਕ ਚੱਲੇਗਾ ਵਿਜੀਲੈਂਸ ਜਾਗਰੂਕਤਾ ਸਪਤਾਹ

ਫਿਰੋਜ਼ਪੁਰ, 31 ਅਕਤੂਬਰ, 2022: 

          ਵਿਜੀਲੈਂਸ ਬਿਊਰੋ ਪੰਜਾਬ ਵੱਲੋਂ 'ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਸਪਤਾਹ ਤਹਿਤ ਅੱਜ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਵਿਖੇ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਜਾਗਰੂਕਤਾ ਸੈਮੀਨਾਰ ਵਿੱਚ ਐਸ.ਐਸ.ਪੀ. ਵਿਜੀਲੈਂਸ ਸ. ਗੁਰਮੀਤ ਸਿੰਘ ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸ੍ਰੀ ਅਭੀਸ਼ੇਕ ਸ਼ਰਮਾ, ਪੀ.ਸੀ.ਐਸ. ਸਹਾਇਕ ਕਮਿਸ਼ਨਰ ਅਤੇ ਸ੍ਰੀ ਫਤਿਹ ਸਿੰਘ ਬਰਾੜ ਡੀ.ਐਸ.ਪੀ.(ਡੀ) ਫਿਰੋਜ਼ਪੁਰ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।

          ਸੈਮੀਨਾਰ ਦੌਰਾਨ ਐਸ.ਐਸ.ਪੀ. ਵਿਜੀਲੈਂਸ ਸ. ਗੁਰਮੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ ਵੱਲੋਂ ਮਿਤੀ 31 ਅਕਤੂਬਰ ਤੋਂ 06 ਨਵੰਬਰ ਤੱਕ ਭ੍ਰਿਸ਼ਟਾਚਾਰ ਮੁਕਤ ਸਮਾਜ ਸਿਰਜਨ ਲਈ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਹਫ਼ਤੇ ਨੂੰ ਭਾਰਤ ਦੇ ਲੋਹ ਪੁਰੁਸ਼ ਕਹੇ ਜਾਣ ਵਾਲੇ ਸਰਦਾਰ ਵੱਲਭ ਭਾਈ ਪਟੇਲ ਜੋ ਕਿ ਭਾਰਤ ਦੇ ਪਹਿਲੇ ਡਿਪਟੀ ਪ੍ਰਧਾਨ ਮੰਤਰੀ ਵੀ ਰਹੇ, ਜੀ ਦੇ ਜਨਮਦਿਵਸ ਮੌਕੇ ਉਨ੍ਹਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਵਿੱਚ ਸ. ਵੱਲਭ ਭਾਈ ਪਟੇਲ ਦੀ ਦੇਣ ਤੋਂ ਅਸੀਂ ਸਾਰੇ ਹੀ ਜਾਣੂ ਹਾਂ। ਉਨ੍ਹਾਂ ‘ਭ੍ਰਿਸ਼ਟਾਚਾਰ ਮੁਕਤ ਭਾਰਤ ਵਿਕਸਿਤ ਭਾਰਤ‘ ਦੇ ਨਾਅਰੇ ਨਾਲ ਸਮਾਗਮ ਵਿੱਚ ਹਾਜ਼ਰ ਸਮੂਹ ਅਧਿਕਾਰੀਆਂ, ਕਾਲਜ ਦੇ ਵਿਦਿਆਰਥੀਆਂ ਤੇ ਹੋਰਨਾਂ ਨੂੰ ਭ੍ਰਿਸ਼ਟਾਚਾਰ ਮੁਕਤ ਭਾਰਤ ਸਿਰਜਨ ਵਿੱਚ ਆਪਣਾ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੁੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਵਿਭਾਗਾਂ ਵਿੱਚ ਕੰਮ ਕਰਾਉਣ ਲਈ ਸ਼ਾਰਟਕਟ ਨਾ ਅਪਣਾ ਕੇ ਸਗੋਂ ਸਰਕਾਰ ਦੁਆਰਾ ਲਾਗੂ ਸਿਸਟਮ ਅਨੁਸਾਰ ਕੰਮ ਕਰਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕਦੇ ਵੀ ਭ੍ਰਿਸ਼ਟਾਚਾਰ ਹੁੰਦਿਆਂ ਦੇਖ ਕੇ ਚੁੱਪ ਨਹੀਂ ਰਹਿਣਾ ਚਾਹੀਦਾ ਸਗੋਂ ਇਸ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਜੋ ਭ੍ਰਿਸ਼ਟਾਚਾਰ ਨੂੰ ਜੜ੍ਹੋ ਪੁੱਟ ਕੇ ਆਦਰਸ਼ ਸਮਾਜ ਦੇ ਦੇਸ਼ ਦਾ ਸਿਰਜਨ ਕੀਤਾ ਜਾ ਸਕੇ। ਉਨ੍ਹਾਂ ਕਿਹਾਂ ਕਿ ਵਿਜੀਲੈਂਸ ਬਿਊਰੋ ਦੇ ਕੰਮ ਕਰਨ ਦੇ ਢੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਹਮੇਸ਼ਾ ਸਮੂਹ ਵਿਭਾਗਾਂ ਤੇ ਕਾਰਪੋਰੇਸ਼ਨਾਂ ‘ਤੇ ਨਿਗਾਹ ਰੱਖਦਾ ਹੈ ਅਤੇ ਇਹ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਜੇਕਰ ਉਸ ਨੂੰ ਭ੍ਰਿਸ਼ਟਾਚਾਰ ਦੀ ਕੋਈ ਭਨਕ ਲੱਗਦੀ ਹੈ ਜਾਂ ਕਿਤੇ ਸਰਕਾਰੀ ਪੈਸੇ ਦੀ ਦੁਰਵਰਤੋਂ ਹੁੰਦੀ ਹੈ ਤਾਂ ਉਸੇ ਵੇਲੇ ਹੀ ਵਿਜੀਲੈਂਸ ਨੂੰ ਸੂਚਿਤ ਕਰੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਬਲਿਕ ਗਰੀਵੀਐਂਨਸਿਸ ਰਿਡਰੈਂਸਲ ਸਿਸਟਮ (ਪੀ.ਜੀ.ਆਰ.ਐਸ) ਪੋਰਟਲ ਬਣਾਇਆ ਗਿਆ ਹੈ ਜਿਸ ‘ਤੇ ਭ੍ਰਿਸ਼ਟਾਚਾਰ ਸਬੰਧੀ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਉਨ੍ਹਾਂ ਟੋਲ ਫ਼ਰੀ ਨੰਬਰ 1800-1800-1000 ਤੇ ਐਂਟੀ ਕਰੱਪਸ਼ਨ ਐਕਸ਼ਨ ਲਾਈਨ 95012-00200 ਸ਼ੇਅਰ ਕਰਦਿਆਂ ਦੱਸਿਆ ਕਿ ਇਸ ਨੰਬਰ ‘ਤੇ ਭ੍ਰਿਸ਼ਟਾਚਾਰ ਖ਼ਿਲਾਫ਼ ਸੂਚਨਾ ਦਿੱਤੀ ਜਾ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਦੇ ਭ੍ਰਿਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਦਫ਼ਤਰ ਨੂੰ ਜਾਣੂ ਕਰਵਾਉਣ ਤਾਂ ਹੀ ਇਸ ‘ਤੇ ਨਕੇਲ ਪਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਰਿਸ਼ਵਤ ਦੇਣ ਵਾਲਾ ਵਿਅਕਤੀ ਵੀ ਉਨ੍ਹਾਂ ਹੀ ਗੁਨਾਹਗਾਰ ਹੈ ਜਿਨ੍ਹਾਂ ਰਿਸ਼ਵਤ ਲੈਣ ਵਾਲਾ। ਭ੍ਰਿਸ਼ਟਾਚਾਰ ਨੂੰ ਉਦੋਂ ਹੀ ਖ਼ਤਮ ਕੀਤਾ ਜਾ ਸਕਦਾ ਹੈ ਜਦੋਂ ਸਾਰੇ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਅਤੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਵਿਜੀਲੈਂਸ ਵਿਭਾਗ ਨੂੰ ਸੂਚਨਾ ਦੇਣਗੇ। ਉਨ੍ਹਾਂ ਕਿਹਾ ਕਿ ਵਿਜੀਲੈਂਸ ਬਿਊਰੋ ਵੱਲੋਂ ਅਜਿਹੇ ਸੈਮੀਨਾਰ ਜ਼ਿਲ੍ਹਾ ਤੇ ਸਬ-ਡਵੀਜਨ ਪੱਧਰ ‘ਤੇ ਆਯੋਜਿਤ ਕੀਤੇ ਜਾਣਗੇ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ।

          ਇਸ ਮੌਕੇ ਡੀ.ਐਸ.ਪੀ. ਸ੍ਰੀ ਰਾਜ ਕੁਮਾਰ ਸਾਮਾ ਨੇ ਪ੍ਰੋਫੈਸਰ ਸਾਹਿਬਾਨਾਂ ਅਤੇ ਵਿਦਿਆਰਥੀਆਂ ਨਾਲ ਭ੍ਰਿਸ਼ਟਾਚਾਰ ਰੋਕੂ ਜਾਗਰੂਕ ਸੈਮੀਨਾਰ ਦੌਰਾਨ ਭ੍ਰਿਸ਼ਟਾਚਾਰ ਰੋਕਣ ਲਈ ਜਾਗਰੂਕ ਕਰਦੇ ਹੋਏ ਵਿਜੀਲੈਸ ਬਿਊਰੋ, ਦੇ ਕੰਮ—ਕਾਜ ਅਤੇ ਬਿਊਰੋ ਵਲੋ ਕੀਤੀ ਜਾਣ ਵਾਲੀ ਕਾਰਵਾਈ ਸਬੰਧੀ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਸ੍ਰੀ ਸਾਮਾ ਵੱਲੋਂ ਵਿਜੀਲੈਂਸ ਬਿਊਰੋ ਦੇ ਕੰਮਾਂ ਜਿਵੇਂ ਕਿ ਕਿਸੇ ਸਰਕਾਰੀ ਅਧਿਕਾਰੀ/ਕਰਮਚਾਰੀ ਵਲੋ ਸਰਕਾਰੀ ਕੰਮ ਬਦਲੇ ਰਿਸ਼ਵਤ ਲੈਣ ‘ਤੇ ਉਸ ਨੂੰ ਰੰਗੇ ਹੱਥੀ ਕਾਬੂ ਕਰਵਾਉਣਾ, ਸਰਕਾਰ ਵੱਲੋਂ ਕਰਵਾਏ ਜਾਂਦੇ ਵਿਕਾਸ ਕਾਰਜਾਂ ਜਿਵੇ ਸੜਕਾਂ ਦਾ ਨਿਰਮਾਣ, ਸਰਕਾਰੀ ਇਮਾਰਤਾਂ ਦਾ ਨਿਰਮਾਣ, ਪੰਚਾਇਤੀ ਫੰਡਾਂ ਵਿੱਚ ਘਪਲੇਬਾਜੀ ਸਬੰਧੀ, ਸਰਕਾਰੀ ਏਜੰਸੀਆਂ ਵਲੋਂ ਜੇਕਰ ਸਰਕਾਰੀ ਗੋਦਾਮਾਂ ਵਿੱਚ ਕੋਈ ਹੇਰਾਫੇਰੀ ਕੀਤੀ ਗਈ ਹੋਵੇ, ਤਾਂ ਇਸ ਸਬੰਧੀ ਵਿਜੀਲੈਂਸ ਬਿਊਰੋ, ਨੂੰ ਤੁਰੰਤ ਸੂਚਨਾ ਦੇਣ ਸਬੰਧੀ ਜਾਣੂ ਕਰਵਾਇਆ ਗਿਆ। ਸੈਮੀਨਾਰ ਦੌਰਾਨ ਉਨ੍ਹਾਂ ਹਾਜ਼ਰੀਨ ਨੂੰ ਵਿਜੀਲੈਂਸ ਬਿਊਰੋ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਬਿਊਰੋ ਦਾ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।

          ਸੈਮੀਨਾਰ ਦੌਰਾਨ ਸ੍ਰੀ ਸੰਦੀਪ ਸਿੰਘ ਡੀ.ਐਸ.ਪੀ. ਦਿਹਾਤੀ ਨੇ ਕਿਹਾ ਕਿ ਹੋਰ ਸਮਾਜਿਕ ਬੁਰਾਈਆਂ ਦੇ ਨਾਲ ਰਿਸ਼ਵਤਖ਼ੋਰੀ ਇੱਕ ਅਜਿਹੀ ਲਾਹਨਤ ਹੈ, ਜੋ ਦੇਸ਼ ਦੀ ਤਰੱਕੀ ਵਿੱਚ ਰੁਕਾਵਟ ਬਣਦੀ ਹੈ।  ਉਨ੍ਹਾਂ ਕਿਹਾ ਕਿ ਲੋਕਾਂ ਨੂੰ ਦਫ਼ਤਰਾਂ ਵਿਚ ਹੋ ਰਹੀ ਖੱਜਲ ਖ਼ੁਆਰੀ ਅਤੇ ਭ੍ਰਿਸ਼ਟਾਚਾਰੀ ਦੇ ਸਬੰਧ ਵਿਚ ਸੀਨੀਅਰ ਅਫ਼ਸਰਾਂ ਦੇ ਧਿਆਨ ਵਿਚ ਵੀ ਲਿਆਉਣਾ ਚਾਹੀਦਾ ਹੈ। 

          ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਹਾਜ਼ਰ ਪ੍ਰੋਫੈਸਰ ਸਹਿਬਾਨ, ਵਿਦਿਆਰਥੀਆਂ, ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਤੇ ਹੋਰ ਵਿਅਕਤੀਆਂ ਨੂੰ ਭ੍ਰਿਸ਼ਟਾਚਰ ਦੇ ਖਾਤਮੇ ਲਈ ਸਹੁੰ ਚੁਕਾਈ ਗਈ।

          ਇਸ ਮੌਕੇ,ਇੰਸਪੈਕਟਰ ਲਵਮੀਤ ਕੌਰ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ, ਡਾ. ਸੰਗੀਤਾ ਸ਼ਰਮਾ ਪ੍ਰਿੰਸੀਪਲ ਦੇਵ ਸਮਾਜ ਕਾਲਜ, ਸ੍ਰੀ ਸੰਤੋਖ ਸਿੰਘ ਕਾਨੂੰਨਗੋ, ਸ੍ਰੀ ਵਿਜੈ ਕੁਮਾਰ ਚੌਧਰੀ, ਜਤਿੰਦਰ ਸਿੰਘ ਸੰਧਾ  ਇਸਪੈਕਟਰ ਪਨਗਰੇਨ, ਸ੍ਰੀ ਸੁਬੋਧ ਐਮ.ਡੀ. ਮੈਡੀਸਿਟੀ ਹਸਪਤਾਲ, ਸ੍ਰੀ ਰਾਕੇਸ਼ ਕਪੂਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।