ਅਮਰੀਕਾ ਵੱਸਦੇ ਪੰਜਾਬੀ ਲੇਖਕ ਗੁਰਚਰਨ ਸਿੰਘ ਹੰਸਰਾ ਦਾ ਕਹਾਣੀ ਸੰਗ੍ਰਹਿ “ਅਣਕਹੀਆਂ ਕਹਾਣੀਆਂ” ਡਾ. ਸ ਪ ਸਿੰਘ, ਗੁਰਭਜਨ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ
ਲੁਧਿਆਣਾ, 2 ਜੂਨ, 2026: ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਿਜ ਲੁਧਿਆਣਾ ਵੱਲੋਂ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਕਰਵਾਏ ਗੈਰ ਰਸਮੀ ਸਮਾਗਮ ਵਿੱਚ ਫਰੀਮਾਉਂਟ (ਅਮਰੀਕਾ )ਵੱਸਦੇ ਪੰਜਾਬੀ ਲੇਖਕ ਸ. ਗੁਰਚਰਨ ਸਿੰਘ ਹੰਸਰਾ ਦਾ ਪਲੇਠਾ ਕਹਾਣੀ ਸੰਗ੍ਰਹਿ “ ਅਣਕਹੀਆਂ ਕਹਾਣੀਆਂ” ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਤੇ ਇਸ ਕਾਲਿਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਸ ਪ ਸਿੰਘ, ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਕਾਲਿਜ ਪ੍ਰਬੰਧਕ ਕਮੇਟੀ ਦੇ ਆਨਰੇਰੀ ਸਕੱਤਰ ਸ. ਹਰਸ਼ਰਨ ਸਿੰਘ ਨਰੂਲਾ, ਮੈਂਬਰ ਸ. ਹਰਦੀਪ ਸਿੰਘ,ਜੀ ਜੀ ਐੱਨ ਆਈ ਐੰਮ ਟੀ ਦੇ ਡਾਇਰੈਕਟਰ ਪ੍ਰਿੰ. ਮਨਜੀਤ ਸਿੰਘ ਛਾਬੜਾ, ਚੇਤਨਾ ਪ੍ਰਕਾਸ਼ਨ ਦੇ ਮਾਲਕ ਤੇ ਪ੍ਰਸਿੱਧ ਕਵੀ ਸਤੀਸ਼ ਗੁਲਾਟੀ ਤੇ ਰਾਜਿੰਦਰ ਸਿੰਘ ਸੰਧੂ ਨੇ ਲੋਕ ਅਰਪਣ ਕੀਤਾ।
ਲੇਖਕ ਬਾਰੇ ਜਾਣਕਾਰੀ ਦੇਂਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਮੇਰੇ ਲਈ ਵੱਡੇ ਮਾਣ ਦੀ ਗੱਲ ਹੈ ਕਿ ਜਿਹੜੇ ਲਾਜਪਤ ਰਾਏ ਮੈਮੋਰੀਅਲ ਕਾਲਿਜ ਜਗਰਾਉਂ ਵਿੱਚ ਲਗਪਗ ਅੱਧੀ ਸਦੀ ਪਹਿਲਾਂ ਮੈਂ ਪੜ੍ਹਾਇਆ ਉੱਥੋਂ ਦੇ ਪੁਰਾਣੇ ਵਿਦਿਆਰਥੀ ਸ. ਗੁਰਚਰਨ ਸਿੰਘ ਹੰਸਰਾ ਦਾ ਕਹਾਣੀ ਸੰਗ੍ਰਹਿ ਅਸੀਂ ਸਭ ਦੋਸਤ ਮੇਰੀ ਪੜ੍ਹਾਈ ਵਾਲੇ ਕਾਲਿਜ ਵਿੱਚ ਅੱਜ ਲੋਕ ਅਰਪਣ ਕਰ ਰਹੇ ਹਾਂ।
ਡਾ. ਸ ਪ ਸਿੰਘ ਜੀ ਨੇ ਕਿਹਾ ਕਿ ਅਮਰੀਕਨ ਬੈਂਕਿੰਗ ਸਿਸਟਮ ਵਿੱਚ ਉਚੇਰੀ ਪਦਵੀ ਤੋਂ ਸੇਵਾਮੁਕਤ ਹੋਣ ਉਪਰੰਤ ਕਹਾਣੀ ਤੇ ਕਵਿਤਾ ਦੇ ਖੇਤਰ ਵਿੱਚ ਸਰਗਰਮ ਹੋਣਾ ਸ਼ੁਭ ਸ਼ਗਨ ਹੈ। ਇਸ ਕਿਤਾਬ ਵਿੱਚ ਯਾਦਾਂ ਆਧਾਰਿਤ ਕਹਾਣੀਆਂ ਭਾਵੇਂ ਪ੍ਰਮਾਣੀਕ ਰੂਪ ਸਰੂਪ ਵਾਲੀਆਂ ਨਾ ਹੋਣ ਪਰ ਇਨ੍ਹਾਂ ਵਿਚਲਾ ਕਥਾ ਰਸ ਸਾਡੀ ਚੇਤਨਾ ਨੂੰ ਹਲੂਣਦਾ ਹੈ। ਪ੍ਰਿੰ. ਮਨਜੀਤ ਸਿੰਘ ਛਾਬੜਾ ਨੇ ਇੱਕ ਅਰਥ ਸ਼ਾਸਤਰੀ ਵੱਲੋਂ ਸਾਹਿੱਤ ਖੇਤਰ ਵਿੱਚ ਧਰੇ ਕਦਮ ਦੀ ਸ਼ਲਾਘਾ ਕੀਤੀ।
ਕਾਲਿਜ ਪ੍ਰਬੰਧਕ ਕਮੇਟੀ ਦੇ ਆਨਰੇਰੀ ਸਕੱਤਰ ਸ. ਹਰਸ਼ਰਨ ਸਿੰਘ ਨਰੂਲਾ ਨੇ ਕਿਹਾ ਕਿ ਸਾਡੇ ਕਾਲਿਜ ਵਿੱਚ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਪਿਛਲੇ ਪੰਦਰਾਂ ਸਾਲ ਤੋਂ ਕਰਮਸ਼ੀਲ ਹੈ। ਉਸ ਵੱਲੋਂ ਇਸ ਕਿਤਾਬ ਬਾਰੇ ਖੋਜ ਪੱਤਰ ਵੀ ਲਿਖਵਾਏ ਜਾਣਗੇ।
ਧੰਨਵਾਦ ਦੇ ਸ਼ਬਦ ਬੋਲਦਿਆਂ ਪੁਸਤਕ ਦੇ ਪ੍ਰਕਾਸ਼ਕ ਸਤੀਸ਼ ਗੁਲਾਟੀ ਨੇ ਕਿਹਾ ਕਿ ਜ਼ਹੀਨ ਪਾਠਕ ਅਤੇ ਸੁਚੇਤ ਲੇਖਕ ਗੁਰਚਰਨ ਸਿੰਘ ਹੰਸਰਾ ਕੋਲ ਅਥਾਹ ਸਿਰਜਣਸ਼ੀਲਤਾ ਹੈ।
ਗੁਰਚਰਨ ਸਿੰਘ ਹੰਸਰਾ ਦਾ ਜੱਦੀ ਪਿੰਡ ਕਮਾਲਪੁਰਾ (ਲੁਧਿਆਣਾ) ਹੈ। 15 ਅਪ੍ਰੈਲ 1955ਨੂੰ ਪ੍ਰਿੰ. ਬਲਬੀਰ ਸਿੰਘ ਸਪੁੱਤਰ ਡਾ. ਸੰਤ ਸਿੰਘ ਦੇ ਘਰ ਮਾਤਾ ਸ਼੍ਰੀਮਤੀ ਜਗੀਰ ਕੌਰ ਦੀ ਕੁੱਖੋਂ ਜਨਮੇ ਸ. ਹੰਸਰਾ ਨੇ ਲਾਜਪਤ ਰਾਏ ਮੈਮੋਰੀਅਲ ਕਾਲਿਜ ਜਗਰਾਓਂ ਤੋਂ ਗਰੈਜੂਏਸ਼ਨ 1974 ਵਿੱਚ ਕੀਤੀ। ਉਨ੍ਹਾਂ ਐਮ.ਏ. ਅਰਥਸ਼ਾਸਤਰ ਡੀ.ਏ.ਵੀ. ਕਾਲਜ, ਜਲੰਧਰ ਤੋਂ 1976 ਵਿੱਚ ਕੀਤੀ।
ਸ. ਗੁਰਚਰਨ ਸਿੰਘ ਹੰਸਰਾ 1978 ਵਿੱਚ ਅਮਰੀਕਾ ਚਲੇ ਗਏ। ਉਨ੍ਹਾਂ ਵੈਲਸ ਫਾਰਗੋ ਬੈਂਕ ਵਿੱਚ 25 ਸਾਲ ਵਾਈਸ ਪ੍ਰੇਜ਼ੀਡੈਂਟ ਦੇ ਤੌਰ ’ਤੇ ਸੇਵਾ ਨਿਭਾਈ।
ਰਿਟਾਇਰਮੈਂਟ ਤੋਂ ਬਾਅਦ ਸਾਹਿਤਕ ਤੇ ਰਚਨਾਤਮਕ ਕਾਰਜਾਂ ਵੱਲ ਰੁਝਾਨ ਸ਼ੁਰੂ ਹੋਇਆ।
ਵਰਤਮਾਨ ਸਮੇਂ ਵੀ ਉਹ ਫ੍ਰੀਮਾਂਟ, ਕੈਲੀਫੋਰਨੀਆ (ਅਮਰੀਕਾ) ਵੱਸਦੇ ਹਨ। ਚੰਗੀ ਗੱਲ ਹੈ ਕਿ ਗੁਰਚਰਨ ਸਿੰਘ ਹੰਸਰਾ ਅਤੇ ਉਨ੍ਹਾਂ ਦੀ ਜੀਵਨ ਸਾਥਣ ਬਲਵਿੰਦਰ ਕੌਰ ਵੀ ਬਾਲ ਸਾਹਿੱਤ ਕਿਤਾਬਾਂ ਦੇ ਵੀ ਲੇਖਕ ਹਨ।

City Air News 

