ਜੰਗੇ ਆਜ਼ਾਦੀ ਦੇ ਸਿਰਲੱਥ ਸੂਰਮਿਆਂ ਦਾ ਇਤਿਹਾਸ ਸਾਂਭਣਾ ਵੀ ਧਰਮ -ਕਾਰਜ ਵਰਗਾ— ਪ੍ਰੋ. ਗੁਰਭਜਨ ਸਿੰਘ ਗਿੱਲ
ਲੁਧਿਆਣਾਃ 10 ਜੁਲਾਈ, 2026: ਜੰਗੇ ਆਜ਼ਾਦੀ ਦੇ ਕੌਮੀ ਪਰਵਾਨੇ ਗਿਆਨੀ ਬੀਰ ਸਿੰਘ ਸਵੱਦੀ ਦੀ ਜੀਵਨੀ ਲੋਕ ਅਰਪਣ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਸਿਰਲੱਥ ਸੂਰਮਿਆਂ ਦਾ ਇਤਿਹਾਸ ਸਾਂਭਣਾ ਵੀ ਧਰਮ ਪਾਲਣ ਵਰਗਾ ਹੀ ਅਰਥਵਾਨ ਕਾਰਜ ਹੈ। ਉਨ੍ਹਾਂ ਕਿਹਾ ਕਿ ਗਿਆਨੀ ਬੀਰ ਸਿੰਘ ਜੀ ਦੇ ਬੇਟੇ ਤੇ ਕਹਾਣੀਕਾਰ ਰਾਜਿੰਦਰ “ਰਾਜ ਸਵੱਦੀ” ਤੇ ਪੋਤਰੇ ਪੰਜਾਬੀ ਕਵੀ ਰਾਜਦੀਪ ਤੂਰ ਨਾਲ ਦੋਸਤੀ ਕਾਰਨ ਗਿਆਨੀ ਜੀ ਦੇ ਸਿਆਸੀ ਸੰਘਰਸ਼ ਬਾਰੇ ਤਾਂ ਜਾਣਕਾਰੀ ਸੀ ਪਰ ਉਜਾਗਰ ਸਿੰਘ ਦੁੱਗਲ ਤੇ ਮਾਸਟਰ ਆਤਮਾ ਸਿਂਘ ਵੱਲੋਂ ਲਿਖੀ ਇਸ ਕਿਤਾਬ ਨੇ ਸਪਸ਼ਟ ਕੀਤਾ ਹੈ ਕਿ ਪਹਿਲੀ ਵਿਸ਼ਵ ਜੰਗਦੇ ਬਾਗ਼ੀ ਸਿਪਾਹੀ ਤੋਂ ਲੈ ਕੇ ਗੁਰੂ ਕਾ ਬਾਗ਼ ਮੋਰਚਾ ਵਿੱਚ ਭਾਗ ਲੈਣ ਦੇ ਨਾਲ ਨਾਲ ਉਨ੍ਹਾਂ ਅੰਗਰੇਜ਼ ਵਿਰੋਧੀ ਲੋਕ ਲਾਮਬੰਦੀ ਕਰਕੇ ਕਿੰਨਾ ਜਬਰ ਝੱਲਿਆ।
ਉਨ੍ਹਾਂ ਦਾ ਸਰ ਛੋਟੂ ਰਾਮ ਤੇ ਬਾਬਾ ਮਹਿੰਦਰ ਸਿੰਘ ਮੋਹੀ ਜੀ ਦੇ ਸੰਗ ਸਾਥ ਕਿਸਾਨ ਸੰਘਰਸ਼ ਵੀ ਦੇਸ਼ ਵੰਡ ਤੋਂ ਪਹਿਲਾਂ ਬਹੁਤ ਹੀ ਅਰਥਵਾਨ ਕਾਰਜ ਸੀ। ਪਿੰਡ ਦੇ ਪੰਜ ਵਾਰ ਪੰਚ ਤੇ ਸਰਪੰਚ ਬਣਨਾ ਪਿੰਡ ਵਿੱਚ ਉਨ੍ਹਾਂ ਦੀ ਹਰਮਨ ਪਿਆਰਤਾ ਦਾ ਪ੍ਰਤੀਕ ਹੈ। ਅੱਜ ਵੀ ਸਮੁੱਚਾ ਪਿੰਡ ਸਵੱਦੀ (ਲੁਧਿਆਣਾ) ਗਿਆਨੀ ਬੀਰ ਸਿੰਘ ਜੀ ਨੂੰ ਸਤਿਕਾਰਦਾ ਹੈ ਅਤੇ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਾਮ ਵੀ ਵਰਤਮਾਨ ਸਰਕਾਰ ਨੂੰ ਸਰਬਸੰਮਤੀ ਨਾਲ ਪੰਚਾਇਤ ਨੇ ਮਤਾ ਪਾ ਕੇ ਗਿਆਨੀ ਬੀਰ ਸਿੰਘ ਜੀ ਦੇ ਨਾਮ ਕਰਵਾਇਆ ਹੈ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਨੇ ਇਸ ਮੌਕੇ ਕਿਹਾ ਕਿ ਪੁਰਖਿਆਂ ਦੀਆਂ ਬਾਤਾਂ ਭਵਿੱਖ ਪੀੜ੍ਹੀਆਂ ਨੂੰ ਸਪੁੱਤਰ ਹੀ ਸੁਣਾ ਸਕਦੇ ਹਨ। ਗਿਆਨੀ ਬੀਰ ਸਿੰਘ ਜੀ ਦੇ ਪੋਤਰੇ ਰਾਜਦੀਪ ਸਿੰਘ ਤੂਰ ਨੇ ਆਪਣੇ ਦਾਦਾ ਜੀ ਦੀ ਜੀਵਨੀ ਪ੍ਰਕਾਸ਼ਨ ਸੰਸਥਾ “ਅੰਬਰ” ਅਤੇ ਹਾਊਸ ਆਫ ਲਿਟਰੇਚਰ ਪੰਜਾਬੀ ਭਵਨ ਲੁਧਿਆਣਾ ਤੋਂ ਛਪਵਾ ਕੇ ਸਾਡੇ ਸਭ ਲਈ ਇਤਿਹਾਸ ਦੀ ਖਿੜਕੀ ਖੋਲ੍ਹੀ ਹੈ।
ਪੰਜਾਬੀ ਕਵੀ ਮੀਤ ਅਨਮੋਲ ਨੇ ਕਿਹਾ ਕਿ ਇਹ ਕਿਤਾਬ ਆਕਾਰ ਵਿੱਚ ਭਾਵੇਂ ਬਹੁਤ ਨਿੱਕੀ ਹੈ ਪਰ ਮਹੱਤਵ ਪੱਖੋਂ ਬਹੁਤ ਹੀ ਵੱਡੇ ਅਰਥਾਂ ਵਾਲੀ ਹੈ। ਇਸ ਵਿੱਚ ਪੰਜਾਬੀ ਲੇਖਕ ਅਵਤਾਰ ਜਗਰਾਉਂ ਤੇ ਰਾਜਦੀਪ ਸਿੰਘ ਤੂਰ ਦੇ ਵੀ ਗਿਆਨੀ ਬੀਰ ਸਿੰਘ ਜੀ ਦੀ ਕੀਰਤੀ ਬਾਰੇ ਦੋ ਲੇਖ ਸ਼ਾਮਲ ਕੀਤੇ ਗਏ ਹਨ।
ਰਾਜਦੀਪ ਸਿੰਘ ਤੂਰ ਨੇ ਇਸ ਮੌਕੇ ਹਾਜ਼ਰ ਦੇਸਤਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਸੰਖੇਪ ਸੱਦੇ ਤੇ ਪੁਸਤਕ ਲੋਕ ਅਰਪਣ ਕੀਤੀ। ਉਨ੍ਹਾਂ ਇਸ ਪੁਸਤਕ ਨੂੰ ਛਾਪਣ ਲਈ ਪਰਿੰਟਵੈੱਲ ਅੰਮ੍ਰਿਤਸਰ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਇਸ ਕਿਤਾਬ ਨੂੰ ਬਹੁਤ ਹੀ ਸੁੰਦਰ ਛਾਪਿਆ ਹੈ।
ਇਸ ਮੌਕੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਰਾਜਦੀਪ ਤੂਰ, ਮੀਤ ਅਨਮੋਲ ਤੇ ਪਵਨ ਸਵੱਦੀ ਨੂੰ ਦੋ ਕਿਤਾਬਾਂ “ਤਾਰਿਆਂ ਦੀ ਗੁਜ਼ਰਗਾਹ “ ਅਤੇ “ਸਿਮਰਤੀ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ “ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
City Air News 


