ਸਰਦੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਮੱਛੀ ਪਾਲਣ ਵਿਭਾਗ ਵਲੋਂ ਜਲ-ਜੀਵਾਂ ਦੀ ਸਾਂਭ-ਸੰਭਾਲ ਸਬੰਧੀ ਐਡਵਾਇਜ਼ਰੀ ਜਾਰੀ

ਮੱਛੀ ਪਾਲਕਾਂ ਨੂੰ ਤਲਾਬਾਂ ਵਿੱਚ ਪਾਣੀ ਦਾ ਪੱਧਰ 6-7 ਫੁੱਟ ਰੱਖਣ ਅਤੇ ਤਾਪਮਾਨ ਦੇ ਹਿਸਾਬ ਨਾਲ ਖੁਰਾਕ ਦੇਣ ਦੀ ਸਲਾਹ

ਸਰਦੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਮੱਛੀ ਪਾਲਣ ਵਿਭਾਗ ਵਲੋਂ ਜਲ-ਜੀਵਾਂ ਦੀ ਸਾਂਭ-ਸੰਭਾਲ ਸਬੰਧੀ ਐਡਵਾਇਜ਼ਰੀ ਜਾਰੀ

ਮਾਲੇਰਕੋਟਲਾ 31 ਦਸੰਬਰ, 2023: ਸਰਦੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਮੱਛੀ ਪਾਲਣ ਵਿਭਾਗ ਨੇ ਜ਼ਿਲ੍ਹੇ ਦੇ ਮੱਛੀ ਪਾਲਕਾਂ ਨੂੰ ਸਰਦੀਆਂ ਦੌਰਾਨ ਜਲ-ਜੀਵਾਂ, ਜਿਨ੍ਹਾਂ ਨੂੰ ਸਰਦੀਆਂ ਵਿੱਚ ਵਿਸ਼ੇਸ਼ ਦੇਖਭਾਲ ਦੀ ਲੋੜ ਹੁੰਦੀ ਹੈ, ਦੀ ਸਾਂਭ-ਸੰਭਾਲਣ ਬਾਰੇ ਜਾਗਰੂਕ ਕਰਨ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ।

ਸਹਾਇਕ ਡਾਇਰੈਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਮੱਛੀ ਨੂੰ ਠੰਡ ਦੀ ਮਾਰ ਤੋਂ ਬਚਾਉਣ ਲਈ ਤਲਾਅ ਵਿੱਚ ਪਾਣੀ ਦਾ ਪੱਧਰ 6 ਤੋਂ 7 ਫੁੱਟ ਤੇ ਰੱਖਿਆ ਜਾਵੇ ਤਾਂ ਜੋ ਹੇਠਲੇ ਗਰਮ ਜ਼ੋਨ ਵਿੱਚ ਹਾਈਬਰਨੇਸ਼ਨ ਵਾਸਤੇ ਮੱਛੀਆਂ ਨੂੰ ਲੋੜੀਂਦੀ ਜਗ੍ਹਾ ਮੁਹੱਈਆ ਹੋ ਸਕੇ । ਕਿਸਾਨਾਂ ਨੂੰ ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਲਈ ਸਵੇਰੇ ਤਲਾਬ ਵਿੱਚ ਤਾਜ਼ਾ ਪਾਣੀ ਪਾਉਣ ਜਾਂ ਏਰੀਏਟਰਾਂ ਦੀ ਵਰਤੋਂ ਕਰਨ ਅਤੇ ਤਲਾਬ ਵਿੱਚਲੇ ਪਾਣੀ ਦੇ ਪੀ.ਐਚ. ਪੱਧਰ ਦੀ ਨਿਯਮਤ ਨਿਗਰਾਨੀ ਨੂੰ ਯਕੀਨੀ ਬਣਾਉਣ ਦੀ ਸਲਾਹ ਵੀ ਦਿੱਤੀ ਗਈ ਹੈ।

ਉਨ੍ਹਾਂ ਮੱਛੀ ਪਾਲਕਾਂ ਨੂੰ ਆਪਣੇ ਫਾਰਮਾਂ ਵਿੱਚ ਆਕਸੀਜਨ ਦੀਆਂ ਗੋਲੀਆਂ ਜਾਂ ਪਾਊਡਰ ਰੱਖਣ ਦੀ ਸਲਾਹ ਵੀ ਦਿੱਤੀ ਹੈ। ਇਸ ਤੋਂ ਇਲਾਵਾ ਸਰਦੀਆਂ ਦੇ ਮੌਸਮ ਦੌਰਾਨ ਫਿਨ ਰੌਟ, ਗਿਲ ਰੌਟ, ਈ.ਯੂ.ਐਸ. ਅਤੇ ਆਰਗੂਲੋਸਿਸ ਵਰਗੀਆਂ ਬਿਮਾਰੀਆਂ ਦੇ ਵਧੇਰੇ ਜ਼ੋਖ਼ਮ ਨਾਲ ਪ੍ਰਭਾਵਿਤ ਹੋ ਸਕਣ ਵਾਲੀਆਂ ਮੱਛੀਆਂ ਨੂੰ ਬਚਾਉਣ ਲਈ ਤਲਾਬ ਵਿੱਚ 400 ਮਿਲੀਲੀਟਰ ਪ੍ਰਤੀ ਏਕੜ ਸੀ.ਆਈ.ਐਫ.ਏ.ਐਕਸ. ਦੀ ਵਰਤੋਂ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।

ਐਡਵਾਈਜ਼ਰੀ ਅਨੁਸਾਰ ਐਲਗਲ ਬਲੂਮਜ਼, ਜੋ ਪਾਣੀ ਵਿੱਚ ਵਾਧੂ ਪੌਸ਼ਟਿਕ ਤੱਤਾਂ ਦੀ ਮੌਜੂਦਗੀ ਕਰਕੇ ਪੈਦਾ ਹੁੰਦੀ ਹੈ, ਨੂੰ 1-2 ਕਿਲੋਗ੍ਰਾਮ ਪ੍ਰਤੀ ਏਕੜ ਦੀ ਦਰ ਨਾਲ ਪੋਟਾਸ਼ੀਅਮ ਪਰਮੈਂਗਨੇਟ (KMn04) ਦੀ ਵਰਤੋਂ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।