ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਨੇ ਨਸ਼ਾ ਵਿਰੋਧੀ ਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਮਲੇਰਕੋਟਲਾ, 6 ਦਸੰਬਰ, 2023: ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਤੇ ਡੀ.ਜੀ.ਪੀ.ਪੰਜਾਬ ਗੌਰਵ ਯਾਦਵ ਆਈ.ਪੀ.ਐਸ ਦੀ ਅਗਵਾਈ ਹੇਠ ਮਾਲੇਰਕੋਟਲਾ ਪੁਲਿਸ ਨੇ ਅੱਜ ਆਪਣੀ ਨਸ਼ਾ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ ਇੱਕ ਵਿਸ਼ਾਲ ਸਾਈਕਲ ਰੈਲੀ ( “ਨਸ਼ੇ ਨੂੰ ਨਾ ਕਹੋ, ਜੀਵਨ ਨੂੰ ਹਾਂ ਕਹੋ”) ਦਾ ਆਯੋਜਨ ਕੀਤਾ, ਅਤੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤ ਕਰਨ ਦੇ ਨਾਲ-ਨਾਲ ਸਿਹਤਮੰਦ ਜੀਵਨ ਸ਼ੈਲੀ ਜੀਨ ਲਈ ਪ੍ਰੇਰਿਤ ਕੀਤਾ।ਇਸ ਸਾਈਕਲ ਰੈਲੀ ਵਿੱਚ ਹਰ ਉਮਰ ਵਰਗ ਦੇ ਕਰੀਬ 500 ਤੋਂ ਵੱਧ ਸ਼ਹਿਰ ਨਿਵਾਸੀਆਂ ਅਤੇ ਨੌਜਵਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ ।ਇਸ ਸਾਈਕਲੋਥੌਨ ਨੂੰ ਸਥਾਨਕ ਡਾ. ਜ਼ਾਕਿਰ ਹੁਸੈਨ ਸਟੇਡੀਅਮ, ਮਲੇਰਕੋਟਲਾ ਤੋਂ ਡਿਪਟੀ ਕਮਿਸ਼ਨਰ ਡਾ ਪੱਲਵੀ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਹਰਕਮਲਪ੍ਰੀਤ ਸਿੰਘ ਖੱਖ ਨੇ ਹਰੀ ਝੰਡੀ ਦੇ ਰਵਾਨਾ ਕੀਤਾ । ਇਹ ਸਾਈਕਲੋਥੌਨ ਬੱਤਾ ਚੌਂਕ, ਕੇਲੋਂ ਗੇਟ, ਰਾਏਕੋਟ ਪੁਲ, ਮਾਨਾ ਗੇਟ, ਵੱਡੀ ਈਦਗਾਹ, 786 ਚੌਂਕ, ਲੁਧਿਆਣਾ ਬਾਈਪਾਸ, ਸਰੋਦ ਚੌਂਕ, ਜਰਗ ਚੌਂਕ, ਗਰੇਵਾਲ ਚੌਂਕ, ਟਰੱਕ ਯੂਨੀਅਨ ਤੋਂ ਹੁੰਦਾ ਹੋਇਆ ਵਾਪਸ ਜਾਕਿਰ ਹੁਸੈਨ ਸਟੇਡੀਅਮ ਵਿਖੇ ਸਮਾਪਤ ਹੋਇਆ।
ਇਸ ਮੌਕੇ ਆਮ ਲੋਕਾਂ ਤੋਂ ਇਲਾਵਾ ਮਾਲੇਰਕੋਟਲਾ ਪੁਲਿਸ ਦੇ ਮੁਲਾਜ਼ਮਾਂ ਸਮੇਤ ਐਸ.ਪੀ ਹੈੱਡਕੁਆਰਟਰ ਸਵਰਨਜੀਤ ਕੌਰ, ਐਸ.ਪੀ ਡਿਟੈਕਟਿਵ ਜਗਦੀਸ਼ ਬਿਸ਼ਨੋਈ, ਡੀ.ਐਸ.ਪੀ ਸਬ-ਡਵੀਜ਼ਨ ਮਾਲੇਰਕੋਟਲਾ ਕੁਲਦੀਪ ਸਿੰਘ, ਡੀ.ਐਸ.ਪੀ ਸਬ-ਡਵੀਜ਼ਨ ਅਹਿਮਦਗੜ੍ਹ ਦਵਿੰਦਰ ਸਿੰਘ ਸੰਧੂ, ਡੀ.ਐਸ.ਪੀ ਸਬ-ਡਵੀਜ਼ਨ ਅਮਰਗੜ੍ਹ ਜਤਿਨ ਬਾਂਸਲ, ਡੀ.ਐਸ.ਪੀ ਸਪੈਸ਼ਲ ਬਰਾਂਚ ਪਰਮਜੀਤ ਸਿੰਘ ਬੈਂਸ, ਡੀਐਸਪੀ ਨਾਰਕੋਟਿਕਸ ਪਰਵੀਰ ਸੈਣੀ ਅਤੇ ਥਾਣਾ ਸਿਟੀ-1 ਦੇ ਐਸਐਚਓ ਯਾਦਵਿੰਦਰ ਸਿੰਘ, ਸਿਟੀ-2 ਸਾਹਿਬ ਸਿੰਘ ਅਤੇ ਅਮਰਗੜ੍ਹ ਇੰਦਰਜੀਤ ਸਿੰਘ ਸ਼ਾਮਿਲ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਐਸਪੀ ਖੱਖ ਨੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਅਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਅਜਿਹੀਆਂ ਪਹਿਲਕਦਮੀਆਂ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਜ਼ਿਲ੍ਹੇ ਵਿੱਚ 161 ਨਸ਼ੇੜੀਆਂ ਦੀ ਸ਼ਨਾਖਤ ਕੀਤੀ ਸੀ ਜਿਨ੍ਹਾਂ ਦੀ ਤੁਰੰਤ ਦੇਖਭਾਲ ਅਤੇ ਮੁੜ ਵਸੇਬੇ ਦੀ ਲੋੜ ਤੇ ਕੰਮ ਕਰਦਿਆਂ ਲਗਾਤਾਰ ਇੱਕ ਪੁਲਿਸ ਕਰਮਚਾਰੀ ਹਰੇਕ ਨਸੇ਼ੜੀ ਦੀ ਕਾਉਂਸਲਿੰਗ ਕਰ ਰਹੀ ਹੈ। ਜ਼ਿਸ ਦੇ ਸਾਰਥਕ ਨਤੀਜੇ ਆਉਂਣ ਦੀ ਸੰਭਾਵਨਾ ਹੈ । ਲੋੜ ਪੈਣ 'ਤੇ ਉਨ੍ਹਾਂ ਨੂੰ ਨਸ਼ਾ ਛੁਡਾਊ ਸਹੂਲਤਾਂ ਵਿਚ ਵੀ ਦਾਖਲ ਕਰਵਾਇਆ ਜਾਵੇਗਾ ।
ਐਸਐਸਪੀ ਨੇ ਆਪਣਾ ਨਿੱਜੀ ਮੋਬਾਈਲ ਨੰਬਰ ਸਾਂਝਾ ਕਰਕੇ ਲੋਕਾਂ ਨੂੰ ਨਸ਼ੇ ਦੀਆਂ ਗਤੀਵਿਧੀਆਂ ਬਾਰੇ ਗੁਪਤ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਨਸ਼ਾ ਸਪਲਾਈ ਕਰਨ ਵਾਲੀਆਂ ਵੱਡੀਆਂ ਮੱਛੀਆਂ ਨੂੰ ਫੜਨ ਲਈ ਯਤਨ ਜਾਰੀ ਹਨ।ਸ੍ਰੀ ਖੱਖ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਰੈਲੀ ਦਾ ਮਕਸਦ ਜਾਗਰੂਕਤਾ ਫੈਲਾਉਣਾ ਹੈ ਤਾਂ ਜੋ ਮਾਲੇਰਕੋਟਲਾ ਨਸ਼ਾ ਮੁਕਤ ਸ਼ਹਿਰ ਬਣ ਸਕੇ। "ਜੇਕਰ ਕਿਸੇ ਨੂੰ ਮੁੜ ਵਸੇਬੇ ਦੀ ਲੋੜ ਹੈ, ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਅਤੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਉਹਨਾਂ ਦਾ ਲੋੜੀਂਦਾ ਇਲਾਜ ਕਰਵਾਇਆ ਜਾਵੇ,"
ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਮਾਲੇਰਕੋਟਲਾ ਪੁਲੀਸ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਨੌਜਵਾਨਾਂ ਅਤੇ ਮਾਪਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਬੱਚਿਆਂ ਨੂੰ ਖੇਡਾਂ ਅਤੇ ਉਸਾਰੂ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਸ਼ਾਮਲ ਰੱਖਣ ਦੀ ਸਲਾਹ ਦਿੱਤੀ।
ਰੈਲੀ ਦੀ ਸਮਾਪਤੀ ਸਾਰੇ ਭਾਗੀਦਾਰਾਂ ਨੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਤੋਂ ਦੂਰ ਰਹਿਣ ਅਤੇ ਨਸ਼ਾ ਮੁਕਤ ਮਾਲੇਰਕੋਟਲਾ ਦੇ ਉਦੇਸ਼ ਲਈ ਵਚਨਬੱਧ ਰਹਿਣ ਦੀ ਸਹੁੰ ਅਤੇ ਹਸਤਾਖਰ ਕਰਕੇ ਕੀਤੀ।