ਖੇਤੀ ਸੰਕਟ: ਨਿਸ਼ਾਨਦੇਹੀ ਤੋਂ ਹੱਲ ਵੱਲ

ਖੇਤੀ ਸੰਕਟ: ਨਿਸ਼ਾਨਦੇਹੀ ਤੋਂ ਹੱਲ ਵੱਲ

ਪੰਜਾਬ ਦਾ ਖੇਤੀ ਸੰਕਟ : ਨਿਸ਼ਾਨਦੇਹੀ ਤੋਂ ਹੱਲ ਵੱਲ ਤੁਰਦੀ ਕਿਤਾਬ ਨੂੰ ਸੰਪਾਦਿਤ ਕਰਨ ਬਾਰੇ ਸੋਚਣਾ ਹੀ ਗਹਿਰ ਗੰਭੀਰ ਲਿਆਕਤ ਦਾ ਪ੍ਰਮਾਣ ਹੈ। ਮੈਨੂੰ ਮਾਣ ਹੈ ਇਹ ਲਿਆਕਤਵਾਨ ਨੌਜਵਾਨ ਲਗਪਗ ਪਿਛਲੇ ਦਸ ਸਾਲ ਤੋਂ ਮੇਰੇ ਨਿੱਜੀ ਸੰਪਰਕ ਵਿੱਚ ਹੈ। ਜਿਸ ਉਮਰੇ ਬਹੁਤੇ ਨੌਜਵਾਨ ਹੱਥਾਂ ਵਾਲੀਆਂ ਛੱਡ ਉੱਡਦੀਆਂ ਮਗਰ ਤੁਰੇ ਫਿਰਦੇ ਨੇ, ਉਸ ਉਮਰੇ ਡਾ. ਸਟਾਲਿਨਜੀਤ ਸਿੰਘ ਬਰਾੜ ਧਰਤੀ ਦੇ ਦੁੱਖ-ਸੁਖ ਨਾਲ ਸਾਂਝ ਪਾ ਅਤੇ ਪੁਗਾ ਰਿਹਾ ਹੈ।
ਪਿਛਲੇ ਦਿਨੀਂ ਉਹ ਮੈਨੂੰ ਮਿਲਣ ਆਇਆ। ਉਸ ਦੇ ਨਾਲ ਨਿੱਤ ਨਵੇਂ ਸੁਪਨੇ ਲੈਣ ਤੇ ਉਨ੍ਹਾਂ ਵਿੱਚ ਰੰਗ ਭਰਨ ਵਾਲਾ ਉਹ ਸ਼ਖ਼ਸ ਸੀ ਜੋ ਪਿਛਲੇ 25 ਸਾਲ ਲਗਾਤਾਰ ਕੁਠਾਲੀ ਵਿੱਚ ਢਲ ਕੇ ਕੁੰਦਨ ਬਣ ਚੁੱਕਾ ਹੈ। ਉਸ ਮਿੱਤਰ ਦਾ ਨਾਮ ਖੁਸ਼ਵੰਤ ਬਰਗਾੜੀ ਹੈ, ਜੋ ਲਗਪਗ 25 ਸਾਲ ਪਹਿਲਾਂ ਮੈਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਮੇਰੇ ਰੁਜ਼ਗਾਰ ਟਿਕਾਣੇ 'ਤੇ ਮਿਲਣ ਆਇਆ। ਉਸ ਕੋਲ ਬਹੁਤ ਦਿਲਚਸਪ ਕਿਤਾਬ ਦੇ ਅਨੁਵਾਦ ਦਾ ਮਸੌਦਾ ਸੀ। ਦੇਵਿੰਦਰ ਮੇਵਾਤੀ ਦੀ ਹਿੰਦੀ ਕਿਤਾਬ “ਫ਼ਸਲਾਂ ਕਹਿਣ ਕਹਾਣੀ” ਦਾ ਪੰਜਾਬੀ ਅਨੁਵਾਦ ਖੁਸ਼ਵੰਤ ਨੇ ਕੀਤਾ ਸੀ, ਜਿਸ ਨੂੰ ਪੁਸਤਕ ਰੂਪ ਵਿੱਚ 'ਤਰਕਭਾਰਤੀ ਬਰਨਾਲਾ' ਨੇ ਛਾਪਣਾ ਸੀ। ਉਹ ਮੇਰੇ ਤੋਂ ਇਸ ਕਿਤਾਬ ਦੀ ਪ੍ਰਸਤਾਵਨਾ ਲਿਖਵਾਉਣਾ ਚਾਹੁੰਦਾ ਸੀ। ਉਸ ਦੀ ਨੇਤਰ ਜੋਤ ਅਤੇ ਦ੍ਰਿੜਤਾ ਅੱਗੇ ਮੈਂ ਅੱਵਾਕ ਸਾਂ। ਇਹ ਹੀ ਕਾਫ਼ੀ ਸੀ ਕਿ ਉਸ ਨੇ ਮੈਨੂੰ ਇਹ ਲਿਖਣ ਦਾ ਮਾਣ ਦਿੱਤਾ। ਘਰ ਆ ਕੇ ਮੈਂ ਕਿਤਾਬ ਪੜ੍ਹੀ। ਹਰ ਕਾਂਡ ਵੱਖ-ਵੱਖ ਫਸਲਾਂ ਦੀ ਵਾਰਤਾ ਸੁਣਾ ਰਿਹਾ ਸੀ। ਇਤਿਹਾਸ ਨਾਲ ਵਰਤਮਾਨ ਦੀ ਗੁਫਤਗੂ ਸੀ। ਕਿਹੜੀ ਫ਼ਸਲ ਕਦੋਂ, ਕਿੱਥੋਂ ਅਤੇ ਕਦੋਂ ਸਾਡੇ ਵਤਨ ਆਈ ਤੇ ਪੱਕਾ ਡੇਰਾ ਲਾ ਕੇ ਬਹਿ ਗਈ, ਇਸ ਬਾਰੇ ਅੰਤਰ ਝਾਤ ਮੈਨੂੰ, ਖੁਸ਼ਵੰਤ ਬਰਗਾੜੀ ਦੀ ਇਸ ਕਿਤਾਬ ਨੇ ਦਿੱਤੀ।
ਹੁਣ ਜਦ ਪੂਰੇ 25 ਸਾਲ ਬਾਦ ਓਨੀ ਹੀ ਆਭਾ ਵਾਲਾ ਨੌਜਵਾਨ ਮੇਰੇ ਘਰ ਖੇਤੀ ਸੰਕਟ : ਪਾਣੀ, ਪਰਾਲੀ ਅਤੇ ਫਸਲੀ ਵੰਨ-ਸੁਵੰਨਤਾ ਦੇ ਪ੍ਰਸੰਗ ਵਿੱਚ ਪੁਸਤਕ ਦਾ ਮਸੌਦਾ ਲੈ ਕੇ ਆਇਆ ਤਾਂ ਉਸ ਦਾ ਸੁਆਲ ਵੀ ਓਹੀ ਸੀ, 25 ਸਾਲ ਪਹਿਲੇ ਖੁਸ਼ਵੰਤ ਵਾਲਾ।
ਮੈਨੂੰ ਬਹੁਤ ਚੰਗਾ ਲੱਗਾ ਕਿ ਇਸ ਨੌਜਵਾਨ ਦੇ ਸਰੋਕਾਰ ਸੁਚੱਜੇ, ਸੁਥਰੇ ਤੇ ਸਮਾਜਿਕ ਸਾਰਥਿਕਤਾ ਵਾਲੇ ਹਨ। ਉਹ ਜਦ ਪਹਿਲੀ ਵਾਰ ਮਿਲਿਆ ਸੀ ਤਾਂ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਿੱਚ ਡਾਕਟਰੇਟ ਕਰ ਰਿਹਾ। ਸੀ। ਪੰਜਾਬੀ ਪੜ੍ਹਨ ਪੜ੍ਹਾਉਣ ਵਾਲੇ ਬਹੁਤੇ ਵਿਦਵਾਨ ਪੰਜਾਬੀ ਨਾਵਲ, ਕਵਿਤਾ ਤੇ ਕਹਾਣੀ ਦੇ ਸੰਸਾਰ ਵਿੱਚੋਂ ਨਹੀਂ ਨਿਕਲਦੇ। ਤਾਂਗੇ ਵਾਲੇ ਘੋੜੇ ਵਾਂਗ ਉਹ ਚੁਫੇਰੇ ਨਹੀਂ ਦੇਖ ਸਕਦੇ, ਸਿਰਫ਼ ਸਾਹਮਣੇ ਹੀ ਦੇਖਦੇ ਹਨ। ਅੰਗਰੇਜ਼ੀ ਵਾਲੇ ਵਿਦਵਾਨ ਇਸ ਨੂੰ "Tunnel view" ਕਹਿੰਦੇ ਨੇ ਜੋ ਨਜ਼ਰ ਤੇ ਨਜ਼ਰੀਏ ਦੇ ਨੁਕਤੇ ਤਾਂ ਬਹੁਤ ਵੱਡਾ ਐਬ ਹੈ। ਤ੍ਰੈਕਾਲ ਦਰਸ਼ੀ ਗਿਆਨਵੱਤਾ ਬਣਨ ਲਈ ਚੌਗਿਰਦੇ 'ਤੇ ਨਜ਼ਰ ਲਾਜ਼ਮੀ ਹੈ।
ਡਾ. ਸਟਾਲਿਨਜੀਤ ਭਾਵੇਂ ਪੰਜਾਬੀ ਸਾਹਿਤ ਦਾ ਵਿਦਿਆਰਥੀ ਹੈ ਪਰ ਉਸ ਨੇ ਧਰਤੀ, ਪਾਣੀ, ਵਾਤਾਵਰਨ ਅਤੇ ਇਸ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਬਾਰੀਕ ਅੱਖ ਨਾਲ ਵੇਖਦਿਆਂ ਸਰਵਪੱਖੀ ਪੜਚੋਲ ਵਾਲੀਆਂ ਲਿਖਤਾਂ ਸੰਪਾਦਿਤ ਕਰਕੇ ਧਰਤੀ ਪੁੱਤਰ ਹੋਣ ਦਾ ਪ੍ਰਮਾਣ ਦਿੱਤਾ ਹੈ। ਖੇਤਾਂ ਦਾ ਜਾਇਆ ਹੋਣ ਕਰਕੇ ਉਹ ਜਾਣਦਾ ਹੈ ਕਿ ਪੰਜਾਬ ਦਾ ਖੇਤੀਬਾੜੀ ਸੰਕਟ ਸਿਰਫ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਨੀਵਾਂ ਹੋਣ ਤੋਂ ਰੋਕਣ ਬਿਨ੍ਹਾਂ ਨਹੀਂ ਨਜਿੱਠਿਆ ਜਾ ਸਕਦਾ। ਕਟਾਈ ਉਪਰੰਤ ਫ਼ਸਲਾਂ ਦੀ ਰਹਿੰਦ ਖੂੰਹਦ ਭਾਵੇਂ ਉਹ ਪਰਾਲੀ ਹੋਵੇ ਜਾਂ ਫਸਲਾਂ ਦਾ ਨਾੜ, ਦੋਵਾਂ ਦੀ ਧਰਤੀ ਵਿੱਚ ਖਪਤ ਬਹੁਤ ਜ਼ਰੂਰੀ ਹੈ। ਇਨ੍ਹਾਂ ਨੂੰ ਅੱਗ ਲਾਉਣ ਦੀ ਪ੍ਰਵਿਤਤੀ ਵਧਣ ਕਾਰਨ ਹਵਾਈ ਪ੍ਰਦੂਸ਼ਣ ਅਤੇ ਇਸ ਨਾਲ ਫੈਲਦੀਆਂ ਬਿਮਾਰੀਆਂ ਦਾ ਫੇਰ-ਚੱਕਰ ਬਹੁਤ ਘਾਤਕ ਹੈ। ਪਰਾਲੀ ਨੂੰ ਗੰਢਾਂ ਬੰਨ੍ਹ ਕੇ ਭਾਵੇਂ ਮਿੱਲਾਂ ਵਾਲੇ ਬਾਲਣ ਦੇ ਰੂਪ ਵਿੱਚ ਵਰਤਨ ਦੇ ਰਾਹ ਤੁਰੇ ਹਨ ਪਰ ਇਹ ਵੀ ਪ੍ਰਦੂਸ਼ਣ ਦਾ ਵਸੀਲਾ ਹੀ ਬਣਦੀ ਹੈ। ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਜਿੱਥੇ ਬਦਲਵੀਂ ਖੇਤੀ ਵੱਲ ਮੁੜਨ ਦੀ ਲੋੜ ਹੈ, ਉਥੇ ਬਦਲਵੀਆਂ ਫ਼ਸਲਾਂ ਦੇ ਸਹੀ ਮੰਡੀਕਰਨ, ਫ਼ਸਲ ਸੁਰੱਖਿਆ, ਕਾਸ਼ਤਕਾਰੀ ਢੰਗਾਂ ਬਾਰੇ ਗਿਆਨ ਪਾਸਾਰ ਅਤੀ ਅੰਤ ਲੋੜੀਂਦੇ ਪੱਖ ਹਨ ਜਿਨ੍ਹਾਂ ਬਾਰੇ ਖੇਤੀਬਾੜੀ ਵਿਗਿਆਨੀ ਅਤੇ ਸੂਬੇ ਦੇ ਖੇਤੀਬਾੜੀ ਯੋਜਨਾਕਾਰਾਂ ਨੂੰ ਸਾਂਝੀ ਖੇਤੀ ਨੀਤੀ ਉਸਾਰਨੀ ਚਾਹੀਦੀ ਹੈ।
ਝੋਨੇ ਦੀ ਕਟਾਈ ਉਪਰੰਤ ਪਰਾਲੀ ਨੂੰ ਖੇਤਾਂ ਵਿੱਚ ਸਾੜਨ ਨਾਲ ਪੈਦਾ ਹੁੰਦਾ ਜ਼ਹਿਰੀਲਾ ਧੂੰਆਂ ਹਵਾ ਦੀ ਨਮੀਂ ਵਿੱਚ ਘੁਲ ਜਾਂਦਾ ਹੈ ਤੇ ਉਹ ਸੜਕਾਂ ਉਪਰ ਚਲਦੀ ਆਵਾਜਾਈ ਲਈ ਹਾਸਦਿਆਂ ਦਾ ਕਾਰਨ ਬਣਦਾ ਹੈ। ਹਰ ਸਾਲ ਸਾਡੀ ਉਕਾਈ ਕਾਰਨ ਮਨੁੱਖੀ ਜਾਨਾਂ ਦਾ ਘਾਣ ਹੁੰਦਾ ਹੈ । ਡਾ. ਸਟਾਲਿਨਜੀਤ ਸਿੰਘ ਬਰਾੜ ਨੇ ਸਿਰਫ ਪਰਾਲੀ ਪ੍ਰਬੰਧਨ ਵੱਲ ਧਿਆਨ ਨਹੀਂ ਦਿੱਤਾ ਸਗੋਂ ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ ਬਦਲਵੇਂ ਪ੍ਰਬੰਧ ਕਰ ਰਹੇ ਕਿਸਾਨ ਗਰੁੱਪਾਂ ਦੇ ਤਜਰਿਬਆਂ 'ਤੇ ਅਧਾਰਿਤ ਲੇਖ ਵੀ ਇਸ ਪੁਸਤਕ ਵਿੱਚ ਸ਼ਾਮਲ ਕੀਤੇ ਹਨ। 'ਗਦਰੀ ਬਾਬਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਫਾਊਂਡੇਸ਼ਨ' ਜਲਾਲਾਦੀਵਾਲ ਵੱਲੋਂ ਰਾਏਕੋਟ ਖਿੱਤੇ ਦੇ ਪਿੰਡਾਂ ਵਿੱਚ ਹਜ਼ਾਰਾਂ ਏਕੜ ਝੋਨੇ ਦੀ ਸਿੱਧੀ ਬਜਾਈ ਅਤੇ ਪਰਾਲੀ ਨਾ ਸਾੜਨ ਉਪਰੰਤ ਕਣਕ ਦੀ ਹੈਪੀ ਸੀਡਰ, ਸੁਪਰ ਸੀਡਰ ਅਤੇ ਹੋਰ ਮਸ਼ੀਨਾ ਨਾਲ ਬਿਜਾਈ ਨਾਲ ਤਜਰਬੇ ਲਿਖਤੀ ਰੂਪ ਵਿੱਚ ਵੀ ਸਾਂਝੇ ਕੀਤੇ ਹਨ। ਇਸ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਾਰਚੂਰ ਵਿੱਚ ਵਸਦੇ ਅਗਾਂਹਵਧੂ ਕਿਸਾਨ ਗੁਰਬਿੰਦਰ ਸਿੰਘ ਬਾਜਵਾ ਅਤੇ ਉਸ ਦੇ ਸਾਥੀਆਂ ਵੱਲੋਂ ਵਿਗਿਆਨ ਅਧਾਰਿਤ ਖੇਤੀ ਦਾ ਮਾਡਲ ਵਿਕਸਤ ਕਰਨ ਸੰਬੰਧੀ ਨੂੰ ਵੀ ਇਸ ਪੁਸਤਕ ਦਾ ਹਿੱਸਾ ਬਣਾਇਆ ਹੈ। ਖੇਤੀਬਾੜੀ ਅਰਥਚਾਰੇ ਨਾਲ ਸੰਬੰਧਿਤ ਮਾਹਰਾਂ ਡਾ. ਸੁੱਚਾ ਸਿੰਘ ਗਿੱਲ, ਡਾ. ਰਣਜੀਤ ਸਿੰਘ ਘੁੰਮਣ, ਡਾ. ਗਿਆਨ ਸਿੰਘ, ‘ਪੰਜਾਬ ਰਾਜ ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ' ਦੇ ਚੇਅਰਮੈਨ ਡਾ. ਸੁਖਪਾਲ ਸਿੰਘ, ਸ.ਸ. ਛੀਨਾ, ਡਾ. ਕੇਸਰ ਸਿੰਘ ਭੰਗੂ, ਭੋਜਨ ਅਤੇ ਵਪਾਰ ਨੀਤੀ ਵਿਸ਼ਲੇਸ਼ਕ ਦਵਿੰਦਰ ਸ਼ਰਮਾ, ਇਕਨਾਮਿਕ ਐਂਡ ਪੋਲੀਟੀਕਲ ਵੀਕਲੀ ਦੇ ਸੰਪਾਦਕ ਟੀਕੇ ਅਰੁਣ, ਕੁਸ਼ਲ ਪ੍ਰਸ਼ਾਸ਼ਿਕ ਅਤੇ ਖੇਤੀਬਾੜੀ ਦੀ ਅੰਦਰੋਂ ਥਾਹ ਪਾਉਣ ਵਾਲੇ ਸ. ਕਾਹਨ ਸਿੰਘ ਪੰਨੂ ਦੀਆਂ ਲਿਖਤਾਂ ਸਾਡੇ ਲਈ ਰਾਹ ਦਸੇਰਾ ਬਣਦੀਆਂ ਹਨ।
ਕਿਸਾਨ ਜਥੇਬੰਦੀਆਂ ਵਿੱਚ ਕੰਮ ਕਰਦੇ ਮੋਢੀ ਆਗੂ ਅਤੇ ਸਾਬਕਾ ਰਾਜ ਸਭਾ ਮੈਂਬਰ ਸ. ਭੁਪਿੰਦਰ ਸਿੰਘ ਮਾਨ ਨੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਸਰਵ ਸਾਂਝੇ ਯਤਨਾ 'ਤੇ ਜ਼ੋਰ ਦਿੰਦਿਆ ਸੂਬਾਈ ਹਕੂਮਤ, ਕਿਸਾਨ ਮਸਲਿਆਂ ਨਾਲ ਸੰਬੰਧਿਤ ਭਰਾਤਰੀ ਜਥੇਬੰਦੀਆਂ ਅਤੇ ਸਮਾਜ ਦੇ ਸੁਚੇਤ ਵਰਗ ਨੂੰ ਇੱਕ ਮੁੱਠ ਹੋ ਕੇ ਇਹ ਸੰਕਟ ਨਜਿੱਠਣ ਲਈ ਆਵਾਜ਼ ਮਾਰੀ ਹੈ। ਖੇਤੀਬਾੜੀ ਗਿਆਨ ਨੂੰ ਕਿਸਾਨ ਵੀਰਾਂ ਤੱਕ ਪਹੁੰਚਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਛਪਦੇ ਮਾਸਕ ਪੱਤਰ 'ਚੰਗੀ ਖੇਤੀ' ਦੇ ਸੰਪਾਦਕ ਡਾ. ਜਗਵਿੰਦਰ ਜੋਧਾ ਨੇ ਵੀ ਪਰਾਲੀ ਸਾੜਨ ਦੇ ਰੁਝਾਨ ਨੂੰ ਰੋਕਣ ਲਈ ਯੋਜਨਾਕਾਰਾਂ ਨੂੰ ਕੁਝ ਅਣਗੌਲੇ ਪਹਿਲੂਆਂ ਵੱਲ ਧਿਆਨ ਦੇ ਲਈ ਸੁਚੇਤ ਕੀਤਾ ਹੈ। ਇਵੇਂ ਹੀ ਕਾਨੂੰਨ ਦੀ ਸਿੱਖਿਆ ਦੇ ਰਹੀ ਡਾ. ਨਿੰਮੀ ਨੇ ਪਰਾਲੀ ਪ੍ਰਬੰਧਨ ਨਾਲ ਸੰਬੰਧਿਤ ਕਾਨੂੰਨ ਦੀ ਭੂਮਿਕਾ ਬਾਰੇ ਸਰਵਪੱਖੀ ਜਾਣਕਾਰੀ ਦਿੱਤੀ ਹੈ। ਪਰਾਲੀ ਸਾੜਨ ਦੀ ਪ੍ਰਵਿਰਤੀ ਕਿਉਂ, ਕਿਹੜੇ ਹਾਲਾਤ ਵਿੱਚ ਅਤੇ ਉਸ ਦੇ ਬੁਰੇ ਅਸਰ ਉਪਰੰਤ ਸਰਕਾਰੀ ਦਖਲ, ਵਾਤਾਵਰਨ ਨਾਲ ਸੰਬੰਧਿਤ ਸੰਸਥਾਵਾਂ ਵੱਲੋਂ ਪਹਿਰੇਦਾਰੀ ਅਤੇ ਪਰਾਲੀ ਸਾੜਨ ਵਰਗਾ ਜੁਰਮ ਕਰਨ ਵਾਲੀਆਂ ਧਿਰਾਂ ਨੂੰ ਕਾਨੂੰਨੀ ਕਟਹਿਰੇ ਵਿੱਚ ਕਿਹੜੀਆਂ ਸਜਾਵਾਂ ਮਿਲ ਸਕਦੀਆਂ ਹਨ, ਇਸ ਮੰਦੀ ਰੀਤ ਤੋਂ ਬਚਣ ਦਾ ਉਪਾਅ ਕੀ ਹੈ? ਇਸ ਬਾਰੇ ਬਹੁਤ ਸਪੱਸ਼ਟ ਵਿਚਾਰ ਪ੍ਰਗਟਾਏ ਹਨ।
ਸਾਨੂੰ ਇਹ ਵਿਚਾਰਨਾ ਹੀ ਪਵੇਗਾ ਕਿ ਜੇ ਧਰਤੀ ਹੇਠਲਾ ਕਰਬਾ ਘਟਣ ਵਰਗੀ ਮੁਸੀਬਤ ਉਪਰੰਤ ਧਰਤੀ, ਪਾਣੀ ਅਤੇ ਪੌਣ ਲਗਾਤਾਰ ਪੁਲੀਤ ਹੁੰਦੀ ਗਈ ਤਾਂ ਮਨੁੱਖ ਬਿਮਾਰੀਆਂ, ਆਰਥਿਕ ਸੰਕਟ ਅਤੇ ਸਮਾਜਿਕ ਤਣਾਓ ਦਾ ਸ਼ਿਕਾਰ ਹੋਵੇਗਾ। ਪੰਜਾਬ ਦੇ ਪਿੰਡਾਂ ਵਿੱਚ ਕਦੇ ਪਾਣੀ ਦੀ ਵਾਰੀ ਜਾਂ ਵੱਟ ਬੰਨੇ ਦੇ ਰੌਲੇ ਤੋਂ ਕਤਲ ਹੋ ਜਾਂਦੇ ਸਨ ਪਰ ਹੁਣ ਉਹ ਦਿਨ ਦੂਰ ਨਹੀਂ ਜਦ ਖੇਤਾਂ ਵਿੱਚ ਪਰਾਲੀ ਜਾਂ ਕਣਕ ਦਾ ਨਾੜ ਸਾੜਨ ਵੇਲੇ ਨਾਲ ਦੇ ਖੇਤ ਵਿੱਚ ਖੜੀ ਫ਼ਸਲ ਨੂੰ ਵੀ ਅੱਗ ਆਪਣੀ ਲਪੇਟ ਵਿੱਚ ਲੈ ਲਵੇਗੀ ਅਤੇ ਆਰਥਿਕ ਨੁਕਸਾਨ ਹੋਣ ਦੇ ਨਾਲ ਨਾਲ ਆਪਸੀ ਦੁਸ਼ਮਣੀਆਂ ਦਾ ਵੀ ਬਾਜ਼ਾਰ ਗਰਮ ਹੋਵੇਗਾ, ਜਿਸ ਦੀ ਭਰਪਾਈ ਭਵਿੱਖ ਦੀਆਂ ਪੁਸ਼ਤਾਂ ਲਈ ਕਰਨੀ ਸੰਭਵ ਨਹੀਂ ਹੋਵੇਗੀ।
ਸਾਲ 1985 ਵਿੱਚ ਪਹਿਲੀ ਵਾਰ ਖੇਤੀ ਅਰਥ ਸ਼ਾਸਤਰੀ ਡਾ. ਸਰਦਾਰਾ ਸਿੰਘ ਜੌਹਲ ਜੀ ਦੀ ਅਗਵਾਈ ਹੇਠ ਕੁਝ ਪ੍ਰਮੁੱਖ ਖੇਤੀ ਵਿਗਿਆਨੀ, ਅਰਥ ਸ਼ਾਸਤਰੀਆਂ,ਸਮਾਜ ਸ਼ਾਸਤਰੀਆਂ ਅਤੇ ਯੋਜਨਾਕਾਰਾਂ 'ਤੇ ਅਧਾਰਿਤ ਕਮੇਟੀ ਬਣਾਈ ਗਈ ਸੀ। ਜਿਸ ਕਮੇਟੀ ਨੇ ਇਹ ਦੱਸਣਾ ਸੀ ਕਿ ਵੱਧ ਰਹੇ ਖੇਤੀ ਸੰਕਟ ਤੋਂ ਬਦਲੀਆਂ ਫ਼ਸਲਾਂ ਨਾਲ ਮਿਲਣ ਵਾਲੀ ਮਕਤੀ ਦਾ ਆਧਾਰ ਢਾਂਚਾ ਕੀ ਹੋਵੇ । ਡਾ. ਜੌਹਲ ਕਮੇਟੀ ਦੀਆਂ ਸਿਫਾਰਸਾਂ ਨੂੰ ਜੇਕਰ ਮੰਨ ਲਿਆ ਜਾਂਦਾ ਤਾਂ ਸ਼ਾਇਦ ਅੱਜ ਇਹ ਦਿਨ ਨਾ ਦੇਖਣੇ ਪੈਂਦੇ। ਸਾਨੂੰ ਇਸ ਵਿਊ ਚੱਕਰ ਨੂੰ ਸਮਝਣਾ ਪਵੇਗਾ ਕਿ ਕਿਵੇਂ ਪਾਣੀ ਪੱਧਰ ਨੀਵੇਂ ਜਾਣ ਨਾਲ ਸੈਂਟੀਫਿਊਗਲ ਪੰਪਾਂ ਤੋਂ ਸਮਰਸੀਬਲ ਪੰਪਾਂ 'ਤੇ ਪਹੁੰਚ ਗਏ ਹਾਂ। ਹਰ ਸਾਲ ਜਾਂ ਦੋ ਸਾਲਾਂ ਬਾਅਦ ਪਾਣੀ ਪੱਧਰ ਹੋਰ ਨੀਵਾਂ ਜਾਣ ਨਾਲ ਮੱਛੀ ਮੋਟਰ ਹੋਰ ਡੂੰਘੀ ਕਰਨੀ ਪੈਂਦੀ ਹੈ ਅਤੇ ਪੰਜਾਬ ਵਿੱਚ ਲੱਗੇ ਲਗਪਗ ਸਾਢੇ ਤੇਰਾਂ ਲੱਖ ਟਿਊਬਵੈਲਾਂ ਨੂੰ ਨਵਿਆਉਣ ਦਾ ਖਰਚਾ ਜੇਕਰ ਗਿਣੀਏ ਤਾਂ ਉਹ ਅਰਬਾਂ ਵਿੱਚ ਬਣਦਾ ਹੈ। ਇਸ ਨੂੰ ਸੌਖਾ ਸਮਝਣ ਲਈ ਇਹ ਜਾਣ ਲਵੋ ਕਿ ਇਹ ਸਾਰੇ ਰੁਪਏ ਕਿਸਾਨ ਦੀ ਜੇਬ ਨੂੰ ਹੀ ਖੋਰਾ ਲਾਉਂਦੇ ਹਨ। ਰਹਿੰਦੀ ਕਸਰ ਉਹ ਸਿਆਸਤਦਾਨ ਪੂਰੀ ਕਰ ਰਹੇ ਹਨ ਜਿਹੜੇ ਆਪਣੇ ਚੋਣ ਮੈਨੀਫੈਸਟੋ ਵਿੱਚ ਬਹੁਤ ਅਹਿਮਕਾਨਾ ਐਲਾਨ ਕਰ ਰਹੇ ਹਨ ਕਿ ਸਾਡੀ ਸਰਕਾਰ ਆਉਣ 'ਤੇ ਅਸੀਂ ਬੰਦ ਟਿਊਬਵੈੱਲ ਕੁਨੈਕਸ਼ਨ ਚਾਲੂ ਕਰਕੇ ਤੁਹਾਨੂੰ ਇਹ ਸਹੂਲਤ ਦੇਵਾਂਗੇ। ਉਹ ਸੱਜਣ ਪਿਆਰੇ ਨਹੀਂ ਜਾਣਦੇ ਕਿ ਧਰਤੀ ਹੇਠਲਾ ਪਾਣੀ ਖਿੱਚ ਖਿੱਚ ਕੇ ਅਸੀਂ ਪਹਿਲਾਂ ਹੀ ਬਹੁਤ ਫਜ਼ੂਲ ਖਰਚੀ ਕਰ ਰਹੇ ਹਾਂ। ਖੇਤੀ ਸੈਕਟਰ ਨੂੰ ਮੁਫ਼ਤ ਬਿਜਲੀ ਸਹੂਲਤ ਨੇ ਵੀ ਕਾਫੀ ਹੱਦ ਤੱਕ ਸਾਨੂੰ ਗੈਰ ਜ਼ਿਮੇਵਾਰ ਬਣਾਇਆ ਹੈ। ਟਿਊਬਵੈਲ ਚਲਾ ਕੇ ਵੱਡੇ ਵੱਡੇ ਕਿਆਰਿਆਂ ਵਿੱਚ ਖੁੱਲਾ ਪਾਣੀ ਛੱਡਣਾ, ਸੰਬੰਧਿਤ ਫ਼ਸਲਾਂ ਲਈ ਵੀ ਚੰਗਾ ਨਹੀਂ ਹੈ। ਵੱਧ ਪਾਣੀ ਨਾਲ ਫ਼ਸਲਾਂ ਦੇ ਬਨਸਪਤ ਵਾਧੇ ਨਾਲ ਕੀੜੇ ਮਕੌੜਿਆਂ ਦੀ ਮਾਰ ਵੀ ਵਧਦੀ ਹੈ ਅਤੇ ਉਨ੍ਹਾਂ ਨੂੰ ਖਤਮ ਕਰਨ ਲਈ ਵਰਤੀਆਂ ਜਾਂਦੀਆਂ ਕੀਟ ਨਾਸ਼ਕ ਜ਼ਹਿਰਾਂ ਵੀ ਸਾਡੀ ਹੀ ਜੇਬ ਕਟਦੀਆਂ ਹਨ। ਵੰਨ- ਸੁਵੰਨੀਆਂ ਬਿਮਾਰੀਆਂ ਵੀ ਫ਼ਸਲਾਂ ਨੂੰ ਘੇਰਦੀਆਂ ਹਨ ਅਤੇ ਨਵੇਂ ਤੋਂ ਨਵੇਂ ਨਦੀਨ ਵੀ ਫ਼ਸਲਾਂ ਵਿੱਚ ਉਗਦੇ ਹਨ ਜਿਨ੍ਹਾਂ ਦੇ ਖਾਤਮੇ ਲਈ ਖੇਤੀ ਲਾਗਤਾਂ ਹੋਰ ਵਧਦੀਆਂ ਹਨ।
ਕਿਸਾਨ ਵੀਰਾਂ ਨੂੰ ਇਹ ਗੱਲ ਆਖਰ ਮੰਨਣੀ ਹੀ ਪਵੇਗੀ ਕਿ ਗਿਆਨ ਵਿਗਿਆਨ ਆਧਾਰਿਤ ਖੇਤੀ ਹੀ ਸਾਨੂੰ ਇਸ ਜਿੱਲੜ ਵਿੱਚੋਂ ਕੱਢ ਸਕੇਗੀ। ਵੱਖ-ਵੱਖ ਫ਼ਸਲਾਂ ਦੀ ਕਟਾਈ ਉਪਰੰਤ ਸੰਭਾਲ, ਮੰਡੀਕਰਨ ਅਤੇ ਮੌਸਮੀਂ ਮਾਰ ਤੋਂ ਬਚਾਉਣ ਵਾਲਾ ਢਾਂਚਾ ਉਸਾਰਨ ਵਿੱਚ ਸੂਬਾਈ ਸਰਕਾਰ ਨੂੰ ਵੀ ਅੱਗੇ ਆਉਣਾ ਪਵੇਗਾ। ਕਰਜ਼ਾ ਸਹੂਲਤਾਂ ਅਤੇ ਸਹੀ ਖੇਤੀ ਸਾਧਨ ਮੁਹੱਈਆ ਕਰਵਾਉਣੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੀ ਪਹਿਲ ਬਣਾਉਣਾ ਪਵੇਗਾ।
ਬੀਜ਼, ਖਾਦ, ਨਦੀਨ ਨਾਸ਼ਕ, ਕੀਟ ਨਾਸ਼ਕ, ਬਿਮਾਰੀ ਨਾਸ਼ਕ ਜ਼ਹਿਰਾਂ ਬਾਰੇ ਸਹੀ ਤਕਨੀਕੀ ਗਿਆਨ ਦੇਣ ਵਾਲੇ ਸਰਕਾਰੀ ਕੇਂਦਰਾਂ ਦੀ ਥਾਂ ਖੇਤੀ ਸਾਧਨ ਮੁਹੱਈਆ ਕਰਵਾਉਣ ਵਾਲੇ ਜਿੰਮੇਵਾਰ ਦੁਕਾਨਦਾਰਾਂ ਨੂੰ ਗਿਆਨ ਵਿਗਿਆਨ ਕੇਂਦਰ ਵਜੋਂ ਵਿਕਸ ਕਰਨਾ ਪਵੇਗਾ। ਉਨ੍ਹਾਂ ਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਅਤੇ ਬਾਗਬਾਨੀ ਨਾਲ ਸੰਬੰਧਿਤ ਵਿਭਾਗਾਂ ਅਤੇ ਅਦਾਰਿਆਂ ਨਾਲ ਇਲੈਕਟ੍ਰਾਨਿਕ ਤਾਲਮੇਲ ਲਾਜ਼ਮੀਂ ਬਣਾਉਣਾ ਪਵੇਗਾ ਤਾਂ ਜੋ ਜਿਹੜੀ ਗੱਲ ਦੀ ਸਮਝ ਕਿਸਾਨ ਨੂੰ ਨਾ ਆਵੇ,ਦੁਕਾਨਦਾਰ ਵੀ ਸਪੱਸ਼ਟ ਨਾ ਹੋਵੇ ਤਾਂ ਉਹ ਸਹੀ ਜਾਣਕਾਰੀ ਟਕਸਾਲੀ ਅਦਾਰਿਆਂ ਤੋਂ ਲੈ ਕੇ ਵੰਡ ਸਕੇ। ਸਹਿਕਾਰੀ ਸਭਾਵਾਂ ਨੂੰ ਖੇਤੀ ਵਿਕਾਸ ਕੇਂਦਰਾਂ ਵਜੋਂ ਵਿਕਸਤ ਕਰਨ ਦੀ ਗੱਲ ਪਹਿਲਾਂ ਕੁਝ ਜ਼ਿਲ੍ਹਿਆਂ ਵਿੱਚ ਬਹੁਤ ਤੇਜੀ ਨਾਲ ਤੁਰੀ ਸੀ ਅਤੇ ਉਥੋਂ ਚੰਗੇ ਨਤੀਜੇ ਵੀ ਹਾਸਲ ਹੋਏ ਹਨ। ਸਹਿਕਾਰੀ ਸਭਾਵਾਂ ਰਾਹੀ ਖੇਤੀ ਗਿਆਨ ਪਾਸਾਰ ਦਾ ਆਧਾਰ ਖੇਤੀਬਾੜੀ ਸਾਹਿਤ ਹੋ ਸਕਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸੰਪਰੂਨ ਪੁਣ-ਛਾਣ ਉਪਰੰਤ ਪ੍ਰਕਾਸ਼ਿਤ ਕੀਤਾ ਜਾਂਦਾ ਮਾਸਕ ਪੱਤਰ 'ਚੰਗੀ ਖੇਤੀ', 'ਹਾੜੀ ਸਾਉਣੀ ਦੀਆਂ ਫ਼ਸਲਾਂ ਬਾਰੇ ਸਿਫਾਰਸ਼ਾਂ' ਨੂੰ ਹਰ ਕਿਸਾਨ ਪਰਿਵਾਰ ਤੱਕ ਪਹੁੰਚਾਉਣ ਲਈ ਇੱਕ ਮੁੱਠ ਹੱਲ ਦੀ ਲੋੜ ਹੈ। ਇੱਕ ਵਾਰ ਕੀਤਾ ਖਰਚਾ ਉਮਰ ਭਰ ਲਈ ਕਿਸਾਨ ਵੀਰਾਂ ਨੂੰ ਗਿਆਨਧਾਰਾ ਨਾਲ ਜੋੜੇਗਾ ਅਤੇ ਆਪਣਾ ਭਲਾ ਬੁਰਾ ਵਿਚਾਰਨ ਵਿੱਚ ਵੀ ਉਹ ਇਸ ਸਾਹਿਤ ਦੀ ਮਦਦ ਲੈ ਸਕੇਗਾ।
ਡਾ. ਸਟਾਲਿਨਜੀਤ ਸਿੰਘ ਬਰਾੜ ਨੇ ਇਸ ਪੁਸਤਕ ਦੇ ਸੰਪਾਦਨ ਨਾਲ ਸਾਨੂੰ ਭਵਿੱਖ ਵਿੱਚ ਅੱਖਾਂ ਖੋਲ ਕੇ ਤੁਰਨ ਦਾ ਹੋਕਾ ਦਿੱਤਾ ਹੈ। ਇਸ ਤੋਂ ਪਹਿਲਾਂ ਡਾ. ਮਹਿੰਦਰ ਸਿੰਘ ਬਾਜਵਾ ਅਤੇ ਡਾ. ਇੰਦਰ ਮੋਹਨ ਛਿੱਬਾ ਨੇ 'ਪੰਜਾਬ ਖੇਤੀਬਾੜੀ ਰੌਸ਼ਨ ਭਵਿੱਖ ਦੀ ਰੂਪ-ਰੇਖਾ' ਪੁਸਤਕ ਲਿਖ ਕੇ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਦੀ ਨਿਸ਼ਾਨਦੇਹੀ ਕੀਤੀ ਸੀ। ਉਮੀਦ ਹੈ ਹਥਲੀ ਪੁਸਤਕ ਸਾਨੂੰ ਸਭਨਾ ਨੂੰ ਖੇਤੀ ਸੰਕਟ ਬਾਰੇ ਪੁਨਰ ਵਿਚਾਰ ਸਨਮੁੱਖ ਖੜਾ ਕਰੇਗੀ ਅਤੇ ਉਹ ਦਿਨ ਦੂਰ ਨਹੀਂ ਜਦ ਅਸੀਂ ਬਦਲਵੇਂ ਖੇਤੀ ਨਿਜ਼ਾਮ ਦੇ ਸਹਾਰੇ, ਜੋਤਾਂ ਦੇ ਘਟਦੇ ਆਕਾਰ ਨੂੰ, ਮਾਫਕ ਖੇਤੀ ਮਾਡਲ ਅਪਣਾ ਕੇ ਸਮੱਸਿਆਵਾਂ 'ਤੇ ਜਿੱਤ ਹਾਸਲ ਕਰਾਂਗੇ।
ਗੁਰਭਜਨ ਸਿੰਘ ਗਿੱਲ
ਚੇਅਰਮੈਨ, ਪੰਜਾਬੀ ਲੋਕ ਵਿਰਾਸਤ ਅਕਾਡਮੀ
ਲੁਧਿਆਣਾ (ਪੰਜਾਬ)