ਜ਼ਿਲ੍ਹੇ ਨੂੰ ਕੋੋਰੋਨਾ ਤੋਂ ਮੁਕਤ ਕਰਨ ਦੀ ਜੰਗ ’ਚ 530 ਆਸ਼ਾ ਵਰਕਰਾਂ ਵੀ ਮੋਹਰੀ ਜਰਨੈਲ ਬਣੀਆਂ

ਜ਼ਿਲ੍ਹੇ ’ਚ ਘਰ ਘਰ ਜਾ ਕੇ ਕਰ ਰਹੀਆਂ ਨੇ ਕੋਰੋਨਾ ਤੇ ਫ਼ਲੂ ਲੱਛਣਾਂ ਦੇ ਪੀੜਤਾਂ ਬਾਰੇ ਪੜਤਾਲ

ਜ਼ਿਲ੍ਹੇ ਨੂੰ ਕੋੋਰੋਨਾ ਤੋਂ ਮੁਕਤ ਕਰਨ ਦੀ ਜੰਗ ’ਚ 530 ਆਸ਼ਾ ਵਰਕਰਾਂ ਵੀ ਮੋਹਰੀ ਜਰਨੈਲ ਬਣੀਆਂ
ਜ਼ਿਲ੍ਹੇ ਵਿੱਚ ਘਰ-ਘਰ ਜਾ ਕੇ ਕੋਵਿਡ-19 ਅਤੇ ਫ਼ਲੂ ਦੇ ਲੱਛਣਾਂ ਵਾਲੇ ਸ਼ੱਕੀ ਮਰੀਜ਼ਾਂ ਦੀ ਪੜਤਾਲ ਕਰ ਰਹੀਆਂ ਆਸ਼ਾ ਵਰਕਰਾਂ।

ਨਵਾਂਸ਼ਹਿਰ: ਕੋਰਨਾ ਦੀ ਜੱਦ ’ਚ ਆਏ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੂੰ ਮੁਕਤ ਕਰਨ ਲਈ ਲੜੀ ਜਾ ਰਹੀ ਜੰਗ ’ਚ ਆਸ਼ਾ ਵਰਕਰਾਂ ਵੀ ਮੋਹਰੀ ਜਰਨੈਲ ਬਣ ਕੇ ਆਪਣਾ ਯੋਗਦਾਨ ਪਾ ਰਹੀਆਂ ਹਨ। ਇਨ੍ਹਾਂ ਆਸ਼ਾ ਵਰਕਰਾਂ ਵੱਲੋਂ ਜ਼ਿਲ੍ਹੇ ਦੇ ਘਰ ਘਰ ਜਾ ਕੇ ਪਰਿਵਾਰਿਕ ਮੈਂਬਰਾਂ ਦੀ ਸਿਹਤ ਬਾਰੇ ਵਿਸਥਾ ’ਚ ਪੁੱਛਿਆ ਜਾਂਦਾ ਹੈ ਅਤੇ ਰਿਪੋਰਟ ਆਪਣੇ ਸਿਹਤ ਬਲਾਕ ਦੇ ਐਸ ਐਮ ਓ ਰਾਹੀਂ ਸਿਵਲ ਸਰਜਨ ਦਫ਼ਤਰ ਨੂੰ ਭੇਜੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਆਸ਼ਾ ਵਰਕਰਾਂ ਵੱਲੋਂ ਇਸ ਸੰਕਟਕਾਲੀਨ ਸਮੇਂ ’ਚੋਂ ਜ਼ਿਲ੍ਹੇ ਨੂੰ ਬਾਹਰ ਲਿਆਉਣ ਵਾਸਤੇ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਆਂਗਨਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ ਵੱਲੋਂ ਨਿਭਾਈ ਜਾ ਰਹੀ ਸੇਵਾ ਜ਼ਿਲ੍ਹਾ ਪ੍ਰਸ਼ਾਸਨ ਲਈ ਬਹੁਤ ਹੀ ਮੱਦਦਗਾਰ ਸਾਬਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਇੱਕ ਪਾਸੇ ਆਸ਼ਾ ਵਰਕਰਾਂ ਘਰ-ਘਰ ਜਾ ਕੇ ਲੋਕਾਂ ਦੀ ਖੈਰ-ਸੁੱਖ ਪੁੱਛ ਰਹੀਆਂ ਹਨ ਉੱਥੇ ਆਂਗਨਵਾੜੀ ਵਰਕਰਾਂ ਵਿਦੇਸ਼ੋਂ ਪਰਤੇ ਵਿਅਕਤੀਆਂ ਨੂੰ ਘਰਾਂ ’ਚ ਕੁਆਰਨਟਾਈਨ ਕਰਨ ਤੇ ਉਨ੍ਹਾਂ ’ਚ ਕੋਵਿਡ-19 ਦੇ ਲੱਛਣਾਂ ਬਾਰੇ ਰੋਜ਼ਾਨਾ ਜਾਣਕਾਰੀ ਲੈ ਕੇ ’ਚ ਅਹਿਮ ਭੂਮਿਕਾ ਨਿਭਾਅ ਰਹੀਆ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਦਿਹਾਤੀ ਅਤੇ ਸ਼ਹਿਰੀ ਖੇਤਰ ’ਚ ਆਸ਼ਾ ਵਰਕਰਾਂ ਆਪਣੀ ਪ੍ਰਗਤੀ ਕਰਮਵਾਰ 102 ਫ਼ੀਸਦੀ ਅਤੇ 101 ਫ਼ੀਸਦੀ ਦਿਖਾ ਚੁੱਕੀਆਂ ਹਨ, ਭਾਵ ਉਹ ਜ਼ਿਲ੍ਹੇ ਦੇ ਹਰੇਕ ਘਰ ’ਚ ਇੱਕ-ਇੱਕ ਵਾਰ ਜਾ ਚੁੱਕੀਆਂ ਹਨ। ਮੰਡੀਆਂ ਦਾ ਸੀਜ਼ਨ ਹੋਣ ਕਾਰਨ ਆਸ਼ਾ ਵਰਕਰਾਂ ਵੱਲੋਂ ਜਲਦ ਹੀ ਜ਼ਿਲ੍ਹੇ ਦੇ ਦੂਜਾ ਦੌਰ ਵੀ ਸ਼ੁਰੂ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਅਨੁਸਾਰ ਜ਼ਿਲ੍ਹੇ ’ਚ ਦਿਹਾਤੀ ਇਲਾਕੇ ’ਚ ਇਨ੍ਹਾਂ ਆਸ਼ਾ ਵਰਕਰਾਂ ਵੱਲੋਂ 104323 ਘਰਾਂ ਦੇ ਟੀਚੇ ਦੇ ਮੁਕਾਬਲੇ ਦੂਸਰਾ ਗੇੜ ਸ਼ੁਰੂ ਕਰਕੇ ਕਲ੍ਹ ਸ਼ਾਮ ਤੱਕ 106680 ਘਰਾਂ ’ਚ ਜਾ ਕੇ ਸਿਹਤ ਜਾਂਚ ਕੀਤੀ ਜਾ ਚੁੱਕੀ ਹੈ ਜਦਕਿ ਸ਼ਹਿਰੀ ਖੇਤਰ ’ਚ 23896 ਘਰਾਂ ’ਚ ਸਿਹਤ ਨਿਰੀਖਣ ਕਰ ਚੁੱਕੀਆਂ ਹਨ।
ਸਿਵਲ ਸਰਜਨ ਡਾ. ਰਾਜਿੰਦਰ ਪ੍ਰਸ਼ਾਦ ਭਾਟੀਆ ਅਨੁਸਾਰ ਪਿੰਡਾਂ ’ਚ ਇੱਕ ਆਸ਼ਾ ਵਰਕਰ ਨੂੰ 1000 ਦੀ ਆਬਾਦੀ ਦੀ ਜ਼ਿੰਮੇਂਵਾਰੀ ਸੌਂਪੀ ਹੋਈ ਹੈ ਅਤੇ ਸ਼ਹਿਰਾਂ ’ਚ 1500 ਦੀ ਆਬਾਦੀ  ਪਿੱਛੇ ਇੱਕ ਆਸ਼ਾ ਵਰਕਰ ਤਾਇਨਾਤ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਇਸ ਮੌਕੇ ਕੋਵਿਡ-19 ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੇ ਸ਼ੱਕੀ ਮਰੀਜ਼ ਦੀ ਪੜਤਾਲ ਲਈ 530 ਆਸ਼ਾ ਵਰਕਰ ਪੂਰੀ ਲਗਨ ਨਾਲ ਕੰਮ ਕਰ ਰਹੀਆਂ ਹਨ। ਇਹ ਵਰਕਰਾਂ ਘਰ-ਘਰ ਜਾ ਕੇ ਸਭ ਤੋਂ ਪਹਿਲਾਂ ਪਰਿਵਾਰਿਕ ਮੈਂਬਰਾਂ ਦੀ ਜਾਣਕਾਰੀ ਇਕੱਤਰ ਕਰਦੀਆਂ ਹਨ, ਫ਼ਿਰ ਉਨ੍ਹਾਂ ’ਚੋਂ ਕਿਸੇ ਨੂੰ ਵੀ ਕੋਵਿਡ ਅਤੇ ਫ਼ਲੂ ਦੇ ਪੰਜ ਲੱਛਣ ਜਿਨ੍ਹਾਂ ’ਚ ਤੇਜ਼ ਬੁਖਾਰ, ਖੰਘ, ਸਾਹ ਲੈਣ ’ਚ ਤਕਲੀਫ਼, ਜ਼ੁਕਾਮ, ਗਲਾ ਖਰਾਬ ਆਦਿ ਬਾਰੇ ਪੁੱਛਿਆ ਜਾਂਦਾ ਹੈ ਅਤੇ ਉਸ ਸਬੰਧੀ ਐਸ ਐਮ ਓਜ਼ ਰਾਹੀਂ ਸਿਵਲ ਸਰਜਨ ਦਫ਼ਤਰ ਰਿਪੋਰਟ ਭੇਜੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਕਿਸੇ ਘਰ ’ਚ ਐਸ ਐਮ ਓ ਨੂੰ ਕੋਈ ਮਰੀਜ਼ ਕੋਵਿਡ-19 ਦੇ ਸ਼ੱਕੀ ਮਰੀਜ਼ ਦੇ ਲੱਛਣਾਂ ਵਾਲਾ ਜਾਪਦਾ ਹੈ ਤਾਂ ਤੁਰੰਤ ਉਸ ਦੀ ਜਾਂਚ ਰੈਪਿਡ ਰਿਸਪੌਂਸ ਟੀਮ ਪਾਸੋਂ ਕਰਵਾਈ ਜਾਂਦੀ ਹੈ ਅਤੇ ਲੋੜ ਪੈਣ ’ਤੇ ਤੁਰੰਤ ਸੈਂਪਲਿੰਗ ਟੀਮ ਪਾਸੋਂ ਟੈਸਟ ਕਰਵਾਇਆ ਜਾਂਦਾ ਹੈ।